ਨਿਊਜ਼ੀਲੈਂਡ ਚੋਣਾਂ 2026: 15 ਸੀਟਾਂ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਨਤੀਜੇ ਤੈਅ ਕਰ ਸਕਦੇ ਹਨ ਅਗਲੀ ਸਰਕਾਰ ਦਾ ਭਵਿੱਖ

ਨੈਸ਼ਨਲ ਪਾਰਟੀ ਲਈ ਕਈ ਸੀਟਾਂ ਬਚਾਉਣੀਆਂ ਬਣੀਆਂ ਚੁਣੌਤੀ, ਲੇਬਰ ਨੂੰ ਵਾਪਸੀ ਦੀ ਉਮੀਦ; ਟਾਕਾਨੀਨੀ, ਮਾਊਂਟ ਰੋਸਕਿਲ, ਹੱਟ ਸਾਊਥ ਅਤੇ ਮਾਊਂਟ ਐਲਬਰਟ ਵਿੱਚ ਦਿਲਚਸਪ ਮੁਕਾਬਲੇ ਦੇ ਆਸਾਰ

The 15 seats that will decide this election

ਆਕਲੈਂਡ (NZ Punjabi News):ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਇਸ ਵਾਰ ਸਿਆਸੀ ਮੁਕਾਬਲਾ ਬੇਹੱਦ ਫਸਵਾਂ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ 1Ne

ws Verian ਸਰਵੇਖਣ ਮੁਤਾਬਕ ਸੱਜੇ ਪੱਖ ਦੇ ਗਠਜੋੜ ਨੂੰ 61 ਅਤੇ ਖੱਬੇ ਪੱਖ ਦੀਆਂ ਪਾਰਟੀਆਂ ਨੂੰ 56 ਸੀਟਾਂ ਮਿਲਣ ਦਾ ਅਨੁਮਾਨ ਹੈ। ਅਜਿਹੇ ਹਾਲਾਤ

ਵਿੱਚ ਦੇਸ਼ ਦੀਆਂ 15 ਅਹਿਮ ਇਲਾਕਾਈ ਸੀਟਾਂ ਦੇ ਨਤੀਜੇ ਇਹ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ ਕਿ ਨਿਊਜ਼ੀਲੈਂਡ ਦੀ ਅਗਲੀ ਸਰਕਾਰ ਕਿਸ ਦੀ ਬਣੇਗੀ।

1News ਦੇ ਸਿਆਸੀ ਵਿਸ਼ਲੇਸ਼ਕ ਟੌਮ ਡੇਅ ਮੁਤਾਬਕ ਇਸ ਵਾਰ ਚੋਣ ਨਤੀਜਿਆਂ ਵਿੱਚ ਸਿਰਫ਼ ਪਾਰਟੀ ਵੋਟ ਹੀ ਨਹੀਂ, ਸਗੋਂ ਇਲਾਕਾਈ ਸੀਟਾਂ ਉੱਤੇ ਜਿੱਤ-ਹਾਰ ਵੀ ਬੇਹੱਦ ਅਹਿਮ ਹੋਵੇਗੀ।

ਤਾਜ਼ਾ ਸ

ਰਵੇਖਣ ਵਿੱਚ ਨੈਸ਼ਨਲ ਪਾਰਟੀ ਦੇ ਸਿਰਫ਼ 34 ਸੰਸਦ ਮੈਂਬਰ ਬਣਨ ਦਾ ਅਨੁਮਾਨ ਹੈ, ਜੋ ਉਸ ਦੀ ਮੌਜੂਦਾ ਗਿਣਤੀ ਨਾਲੋਂ 10 ਘੱਟ ਹਨ। ਅਜਿਹੇ ਵਿੱਚ ਜੇ ਨੈਸ਼ਨਲ ਆਪਣੀਆਂ ਕਈ ਇਲਾਕਾਈ ਸੀਟਾਂ ਬਚਾਉਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਸੰਸਦ ਵਿੱਚ ‘ਓਵਰਹੈਂਗ’ (Overhang) ਸੀਟਾਂ ਬਣ ਸਕਦੀਆਂ ਹਨ।

ਨਿਊਜ਼ੀਲੈਂਡ ਦੀ ਚੋਣ ਪ੍ਰਣਾਲੀ ਵਿੱਚ ਓਵਰਹੈਂਗ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ, ਜਦੋਂ ਕੋਈ ਪਾਰਟੀ ਆਪਣੇ ਪਾਰਟੀ ਵੋਟ ਦੇ ਹਿੱਸੇ ਅਨੁਸਾਰ ਬਣਦੀਆਂ ਸੀਟਾਂ ਨਾਲੋਂ ਵੱਧ ਇਲਾਕਾਈ ਸੀਟਾਂ ਜਿੱਤ ਲੈਂਦੀ ਹੈ। ਇਸ ਕਾਰਨ ਸੰਸਦ ਵਿੱਚ ਵਾਧੂ ਸੀਟਾਂ ਬਣ ਸਕਦੀਆਂ ਹਨ ਅਤੇ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਦਾ ਅੰਕੜਾ ਵੀ ਬਦਲ ਸਕਦਾ ਹੈ।

1News ਦੇ ਵਿਸ਼ਲੇਸ਼ਣ ਮੁਤਾਬਕ ਜੇ ਨੈਸ਼ਨਲ ਆਪਣੀਆਂ ਮੌਜੂਦਾ ਇਲਾਕਾਈ ਸੀਟਾਂ ਵਿੱਚੋਂ ਅੱਠ ਸੀਟਾਂ ਗੁਆਉਂਦੀ ਹੈ, ਤਾਂ ਵੀ ਦੋ ਓਵਰਹੈਂਗ ਸੀਟਾਂ ਦੀ ਬਦੌਲਤ ਸੱਜੇ ਪੱਖ ਦਾ ਗਠਜੋੜ 63 ਸੀਟਾਂ ਤੱਕ ਪਹੁੰਚ ਸਕਦਾ ਹੈ।

ਇਹੀ ਕਾਰਨ ਹੈ ਕਿ ਇਸ ਵਾਰ ਕਈ ਅਜਿਹੀਆਂ ਸੀਟਾਂ ਉੱਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਨੂੰ ਪਿਛਲੀਆਂ ਚੋਣਾਂ ਵਿੱਚ ਨੈਸ਼ਨਲ ਪਾਰਟੀ ਨੇ ਜਿੱਤਿਆ ਸੀ।

1. ਬੈਂਕਸ ਪੈਨਿਨਸੁਲਾ (Banks Peninsula) — ਸਿਰਫ਼ 396 ਵੋਟਾਂ ਦਾ ਫ਼ਰਕ

ਬੈਂਕਸ ਪੈਨਿਨਸੁਲਾ ਲੇਬਰ ਪਾਰਟੀ ਲਈ ਸਭ ਤੋਂ ਅਹਿਮ ਨਿਸ਼ਾਨਿਆਂ ਵਿੱਚੋਂ ਇੱਕ ਹੈ। ਪਿਛਲੀਆਂ ਚੋਣਾਂ ਵਿੱਚ ਨੈਸ਼ਨਲ ਦੀ ਵੈਨੇਸਾ ਵੀਨਿੰਕ (Vanessa Weenink) ਨੇ ਇਹ ਸੀਟ ਸਿਰਫ਼ 396 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।

ਉਨ੍ਹਾਂ ਦੀ ਜਿੱਤ ਖ਼ਾਸ ਸੀ, ਕਿਉਂਕਿ 1996 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਨੈਸ਼ਨਲ ਪਾਰਟੀ ਦਾ ਉਮੀਦਵਾਰ ਇਸ ਹਲਕੇ ਵਿੱਚ ਜਿੱਤਿਆ ਸੀ। ਇਸ ਦੌਰਾਨ ਕੁਝ ਸਮੇਂ ਲਈ ਇਸ ਹਲਕੇ ਦਾ ਨਾਂ ਪੋਰਟ ਹਿਲਜ਼ ਵੀ ਰਿਹਾ ਸੀ।

ਇਸ ਵਾਰ ਵੀਨਿੰਕ ਦਾ ਮੁਕਾਬਲਾ ਲੇਬਰ ਦੀ ਟਰੇਸੀ ਮੈਕਲੇਲਨ (Tracey McLellan) ਨਾਲ ਹੈ। ਮੈਕਲੇਲਨ ਲੇਬਰ ਦੀ ਸਰਗਰਮ ਆਗੂ ਰਹੀ ਹੈ ਅਤੇ ਪਾਰਟੀ ਇਸ ਸੀਟ ਨੂੰ ਵਾਪਸ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ।

ਪਿਛਲੀ ਵਾਰ ਜਿੱਤ ਦਾ ਫ਼ਰਕ ਬਹੁਤ ਘੱਟ ਹੋਣ ਕਾਰਨ ਨੈਸ਼ਨਲ ਦੇ ਸਮਰਥਨ ਵਿੱਚ ਮਾਮੂਲੀ ਗਿਰਾਵਟ ਵੀ ਇੱਥੇ ਨਤੀਜਾ ਬਦਲ ਸਕਦੀ ਹੈ। ਲੇਬਰ ਲਈ ਸਰਕਾਰ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਮਜ਼ਬੂਤ ਕਰਨ ਵਾਸਤੇ ਇਹ ਸੀਟ ਜਿੱਤਣਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

2. ਵੈਟਾਕੇਰੇ (Waitākere) — ਨਵੀਆਂ ਹੱਦਾਂ ਨਾਲ ਲੇਬਰ ਨੂੰ ਫ਼ਾਇਦਾ?

ਵੈਟਾਕੇਰੇ ਇਸ ਵਾਰ ਬਣਾਏ ਗਏ ਨਵੇਂ ਚੋਣ ਹਲਕਿਆਂ ਵਿੱਚੋਂ ਇੱਕ ਹੈ। ਇਸ ਵਿੱਚ ਨਿਊ ਲਿਨ ਅਤੇ ਕੇਲਸਟਨ ਦੇ ਕੁਝ ਇਲਾਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

2023 ਦੀਆਂ ਚੋਣਾਂ ਵਿੱਚ ਨਿਊ ਲਿਨ ਦੀ ਸੀਟ ਨੈਸ਼ਨਲ ਦੇ ਪਾਓਲੋ ਗਾਰਸੀਆ (Paulo Garcia) ਨੇ ਜਿੱਤ ਕੇ ਹੈਰਾਨ ਕਰ ਦਿੱਤਾ ਸੀ। ਪਰ ਉਹ ਇੱਕ ਕਾਰਜਕਾਲ ਤੋਂ ਬਾਅਦ ਚੋਣ ਮੈਦਾਨ ਤੋਂ ਹਟ ਰਹੇ ਹਨ।

ਇਸ ਵਾਰ ਨੈਸ਼ਨਲ ਨੇ ਸਾਬਕਾ ਲਿਸਟ ਸੰਸਦ ਮੈਂਬਰ ਐਗਨਸ ਲੋਹੇਨੀ (Agnes Loheni) ਨੂੰ ਉਮੀਦਵਾਰ ਬਣਾਇਆ ਹੈ।

ਉਨ੍ਹਾਂ ਦਾ ਮੁਕਾਬਲਾ ਲੇਬਰ ਦੀ ਵਨੂਸ਼ੀ ਵਾਲਟਰਜ਼ (Vanushi Walters) ਨਾਲ ਹੋਵੇਗਾ, ਜਿਨ੍ਹਾਂ ਨੂੰ ਪਾਰਟੀ ਦੇ ਉੱਭਰਦੇ ਆਗੂਆਂ ਵਿੱਚ ਗਿਣਿਆ ਜਾ ਰਿਹਾ ਹੈ। ਵਾਲਟਰਜ਼ ਨੂੰ ਲੇਬਰ ਦੀ ਪਾਰਟੀ ਲਿਸਟ ਵਿੱਚ ਵੀ ਉੱਚਾ ਸਥਾਨ ਮਿਲਿਆ ਹੈ ਅਤੇ ਉਹ ਵਿਦੇਸ਼ ਮਾਮਲਿਆਂ ਦੀ ਬੁਲਾਰਾ ਵੀ ਹਨ।

ਚੋਣ ਹਲਕੇ ਦੀਆਂ ਨਵੀਆਂ ਹੱਦਾਂ ਲੇਬਰ ਲਈ ਅਨੁਕੂਲ ਮੰਨੀਆਂ ਜਾ ਰਹੀਆਂ ਹਨ। ਨੈਸ਼ਨਲ ਦੇ ਸਮਰਥਨ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਇਹ ਸੀਟ ਲੇਬਰ ਲਈ ਜਿੱਤਣ ਦਾ ਵੱਡਾ ਮੌਕਾ ਬਣ ਸਕਦੀ ਹੈ।

3. ਹੱਟ ਸਾਊਥ (Hutt South) — ਕ੍ਰਿਸ ਬਿਸ਼ਪ ਦਾ ਸਿਆਸੀ ਭਵਿੱਖ ਦਾਅ ਉੱਤੇ

ਹੱਟ ਸਾਊਥ ਇਸ ਵਾਰ ਸਭ ਤੋਂ ਦਿਲਚਸਪ ਮੁਕਾਬਲਿਆਂ ਵਿੱਚੋਂ ਇੱਕ ਹੋ ਸਕਦਾ ਹੈ।

ਨੈਸ਼ਨਲ ਦੇ ਸੀਨੀਅਰ ਮੰਤਰੀ ਕ੍ਰਿਸ ਬਿਸ਼ਪ (Chris Bishop) ਆਪਣੀ ਸੀਟ ਬਚਾਉਣ ਲਈ ਲੇਬਰ ਦੀ ਜਿਨੀ ਐਂਡਰਸਨ (Ginny Andersen) ਦਾ ਸਾਹਮਣਾ ਕਰ ਰਹੇ ਹਨ।

ਪਿਛਲੀਆਂ ਚੋਣਾਂ ਵਿੱਚ ਬਿਸ਼ਪ ਨੇ ਸਿਰਫ਼ 1,332 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਬਿਸ਼ਪ ਪਹਿਲਾਂ ਹੀ ਮੰਨ ਚੁੱਕੇ ਹਨ ਕਿ ਇਸ ਵਾਰ ਉਨ੍ਹਾਂ ਲਈ ਇਹ ਸੀਟ ਜਿੱਤਣਾ ਬਹੁਤ ਮੁਸ਼ਕਲ ਹੋ ਸਕਦਾ ਹੈ।

ਪਰ ਇਸ ਵਾਰ ਸਮੱਸਿਆ ਸਿਰਫ਼ ਇਲਾਕਾਈ ਸੀਟ ਹਾਰਨ ਤੱਕ ਸੀਮਤ ਨਹੀਂ ਹੈ। ਤਾਜ਼ਾ ਸਰਵੇਖਣ ਦੇ ਅੰਕੜਿਆਂ ਮੁਤਾਬਕ ਜੇ ਬਿਸ਼ਪ ਆਪਣੀ ਸੀਟ ਹਾਰ ਜਾਂਦੇ ਹਨ, ਤਾਂ ਪਾਰਟੀ ਲਿਸਟ ਰਾਹੀਂ ਉਨ੍ਹਾਂ ਦੀ ਸੰਸਦ ਵਿੱਚ ਵਾਪਸੀ ਵੀ ਮੁਸ਼ਕਲ ਹੋ ਸਕਦੀ ਹੈ।

1News ਦੇ ਹਿਸਾਬ ਮੁਤਾਬਕ ਉਨ੍ਹਾਂ ਨੂੰ ਜਾਂ ਤਾਂ ਆਪਣੀ ਸੀਟ ਜਿੱਤਣੀ ਪਵੇਗੀ ਜਾਂ ਫਿਰ ਨੈਸ਼ਨਲ ਨੂੰ ਇੰਨੀਆਂ ਇਲਾਕਾਈ ਸੀਟਾਂ ਗੁਆਉਣੀਆਂ ਪੈਣਗੀਆਂ ਕਿ ਬਿਸ਼ਪ ਲਈ ਪਾਰਟੀ ਲਿਸਟ ਰਾਹੀਂ ਵਾਪਸੀ ਦਾ ਰਸਤਾ ਬਣ ਸਕੇ।

ਦੂਜੇ ਪਾਸੇ ਲੇਬਰ ਨੂੰ ਉਮੀਦ ਹੈ ਕਿ ਨੈਸ਼ਨਲ ਦੇ ਘਟਦੇ ਸਮਰਥਨ ਦਾ ਲਾਭ ਜਿਨੀ ਐਂਡਰਸਨ ਨੂੰ ਮਿਲੇਗਾ।

4. ਮਾਊਂਟ ਰੋਸਕਿਲ (Mount Roskill) — ਮਾਈਕਲ ਵੁੱਡ ਦੀ ਵਾਪਸੀ ਦੀ ਕੋਸ਼ਿਸ਼

ਮਾਊਂਟ ਰੋਸਕਿਲ ਲੰਬੇ ਸਮੇਂ ਤੱਕ ਲੇਬਰ ਪਾਰਟੀ ਦਾ ਮਜ਼ਬੂਤ ਗੜ੍ਹ ਰਿਹਾ ਹੈ। ਪਰ 2023 ਵਿੱਚ ਨੈਸ਼ਨਲ ਦੇ ਕਾਰਲੋਸ ਚਿਊਂਗ (Carlos Cheung) ਨੇ ਇੱਥੇ ਵੱਡੀ ਜਿੱਤ ਹਾਸਲ ਕਰਕੇ ਲੇਬਰ ਨੂੰ ਝਟਕਾ ਦਿੱਤਾ ਸੀ।

ਉਸ ਹਾਰ ਤੋਂ ਬਾਅਦ ਸਾਬਕਾ ਲੇਬਰ ਮੰਤਰੀ ਮਾਈਕਲ ਵੁੱਡ (Michael Wood) ਸੰਸਦ ਤੋਂ ਬਾਹਰ ਹੋ ਗਏ ਸਨ। ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਮੰਤਰੀ ਅਹੁਦਾ ਛੱਡਣਾ ਪਿਆ ਸੀ।

ਹੁਣ ਵੁੱਡ ਮੁੜ ਸਿਆਸੀ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਸ ਵਾਰ ਪਾਰਟੀ ਲਿਸਟ ਵਿੱਚ ਸ਼ਾਮਲ ਹੋਣ ਦੀ ਬਜਾਏ ਸਿਰਫ਼ ਮਾਊਂਟ ਰੋਸਕਿਲ ਦੀ ਇਲਾਕਾਈ ਸੀਟ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਵੁੱਡ ਦੀ ਚੋਣ ਮੁਹਿੰਮ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਉਨ੍ਹਾਂ ਨੂੰ ਕਾਰਲੋਸ ਚਿਊਂਗ ਤੋਂ ਅੱਗੇ ਦਿਖਾਇਆ ਗਿਆ ਹੈ। ਹਾਲਾਂਕਿ ਇਹ ਸਰਵੇਖਣ ਉਨ੍ਹਾਂ ਦੀ ਆਪਣੀ ਮੁਹਿੰਮ ਵੱਲੋਂ ਕਰਵਾਇਆ ਗਿਆ ਸੀ।

ਲੇਬਰ ਲਈ ਮਾਊਂਟ ਰੋਸਕਿਲ ਦੀ ਸੀਟ ਮੁੜ ਜਿੱਤਣਾ ਸਿਆਸੀ ਤੌਰ ਉੱਤੇ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

5. ਵਾਇਰਾਰਾਪਾ (Wairarapa) — ਤਿੰਨ ਉਮੀਦਵਾਰਾਂ ਵਿਚਾਲੇ ਮੁਕਾਬਲਾ

ਵਾਇਰਾਰਾਪਾ ਵਿੱਚ ਨੈਸ਼ਨਲ ਦੇ ਮੰਤਰੀ ਮਾਈਕ ਬਟਰਿਕ (Mike Butterick) ਆਪਣੀ ਸੀਟ ਬਚਾਉਣ ਲਈ ਮੈਦਾਨ ਵਿੱਚ ਹਨ।

ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੇ ਇਹ ਸੀਟ 2,816 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।

ਇਸ ਵਾਰ ਉਨ੍ਹਾਂ ਦਾ ਮੁਕਾਬਲਾ ਲੇਬਰ ਦੇ ਕੀਰਨ ਮੈਕਐਨਲਟੀ (Kieran McAnulty) ਨਾਲ ਹੈ, ਜੋ ਲੇਬਰ ਦੀ ਚੋਣ ਮੁਹਿੰਮ ਦੇ ਮੁਖੀ ਵੀ ਹਨ।

ਮੈਕਐਨਲਟੀ ਨੇ 2020 ਵਿੱਚ ਇਹ ਸੀਟ ਲੇਬਰ ਲਈ ਜਿੱਤੀ ਸੀ। ਉਸ ਤੋਂ ਪਹਿਲਾਂ 2002 ਵਿੱਚ ਜਾਰਜੀਨਾ ਬੇਅਰ ਇਸ ਹਲਕੇ ਤੋਂ ਲੇਬਰ ਦੀ ਜੇਤੂ ਉਮੀਦਵਾਰ ਰਹੀ ਸੀ।

ਵਿਸ਼ਲੇਸ਼ਣ ਮੁਤਾਬਕ ਮੈਕਐਨਲਟੀ ਦੀ ਨਿੱਜੀ ਲੋਕਪ੍ਰਿਯਤਾ ਉਨ੍ਹਾਂ ਦੀ ਪਾਰਟੀ ਦੇ ਸਮਰਥਨ ਨਾਲੋਂ ਵੱਧ ਰਹੀ ਹੈ। ਪਿਛਲੀ ਚੋਣ ਵਿੱਚ ਉਨ੍ਹਾਂ ਦੀ ਹਾਰ ਦੇ ਬਾਵਜੂਦ ਪਾਰਟੀ ਵੋਟ ਅਤੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੇ ਅੰਕੜਿਆਂ ਵਿੱਚ ਵੱਡਾ ਅੰਤਰ ਸੀ।

ਇਸ ਸੀਟ ਨੂੰ ਹੋਰ ਦਿਲਚਸਪ ਬਣਾਉਣ ਵਾਲਾ ਤੀਜਾ ਉਮੀਦਵਾਰ ਨਿਊਜ਼ੀਲੈਂਡ ਫਰਸਟ ਦਾ ਸਾਬਕਾ ਸੰਸਦ ਮੈਂਬਰ ਰੌਨ ਮਾਰਕ (Ron Mark) ਹੈ।

ਰੌਨ ਮਾਰਕ ਦੇ ਮੈਦਾਨ ਵਿੱਚ ਹੋਣ ਨਾਲ ਵੋਟਾਂ ਦੀ ਵੰਡ ਹੋ ਸਕਦੀ ਹੈ, ਪਰ ਇਹ ਸਪੱਸ਼ਟ ਨਹੀਂ ਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸ ਪਾਰਟੀ ਨੂੰ ਹੋਵੇਗਾ।

6. ਈਸਟ ਕੇਪ (East Cape) — ਨੈਸ਼ਨਲ ਦੀ ਸੀਟ ਉੱਤੇ ਲੇਬਰ ਦੀ ਨਜ਼ਰ

ਈਸਟ ਕੇਪ ਵੀ ਉਨ੍ਹਾਂ ਇਲਾਕਿਆਂ ਵਿੱਚ ਸ਼ਾਮਲ ਹੈ ਜਿੱਥੇ ਇਸ ਵਾਰ ਮੁਕਾਬਲਾ ਫਸਵਾਂ ਹੋ ਸਕਦਾ ਹੈ।

ਇਹ ਸੀਟ ਇਸ ਸਮੇਂ ਨੈਸ਼ਨਲ ਦੀ ਡੇਨਾ ਕਿਰਕਪੈਟ੍ਰਿਕ (Dana Kirkpatrick) ਕੋਲ ਹੈ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ 3,199 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।

ਲੇਬਰ ਨੇ ਇਸ ਵਾਰ ਜੋ ਲਕਸਟਨ (Jo Luxton) ਨੂੰ ਉਮੀਦਵਾਰ ਬਣਾਇਆ ਹੈ। ਲਕਸਟਨ ਨੂੰ ਪੇਂਡੂ ਇਲਾਕਿਆਂ ਨਾਲ ਜੁੜੇ ਮੁੱਦਿਆਂ ਉੱਤੇ ਕੰਮ ਕਰਨ ਵਾਲੀ ਆਗੂ ਵਜੋਂ ਜਾਣਿਆ ਜਾਂਦਾ ਹੈ।

ਉਹ ਇਸ ਸੰਸਦੀ ਕਾਰਜਕਾਲ ਦੌਰਾਨ ਈਸਟ ਕੇਪ ਹਲਕੇ ਵਿੱਚ ਆ ਕੇ ਰਹਿਣ ਲੱਗੀ ਹੈ।

ਵਿਸ਼ਲੇਸ਼ਣ ਮੁਤਾਬਕ ਇਹ ਸੀਟ ਲੇਬਰ ਲਈ ਆਸਾਨ ਨਹੀਂ ਹੋਵੇਗੀ, ਪਰ ਜੇ ਨੈਸ਼ਨਲ ਦੇ ਸਮਰਥਨ ਵਿੱਚ ਗਿਰਾਵਟ ਆਉਂਦੀ ਹੈ ਤਾਂ ਨਤੀਜਾ ਬਦਲ ਸਕਦਾ ਹੈ।

7. ਕਾਪੀਟੀ (Kāpiti) — ਨਵੀਆਂ ਹੱਦਾਂ ਨੇ ਬਦਲੇ ਸਿਆਸੀ ਸਮੀਕਰਨ

ਕਾਪੀਟੀ ਹਲਕੇ ਵਿੱਚ ਨੈਸ਼ਨਲ ਦੇ ਟਿਮ ਕੌਸਟਲੀ (Tim Costley) ਦਾ ਮੁਕਾਬਲਾ ਲੇਬਰ ਦੀ ਸੋਫੀ ਹੈਂਡਫੋਰਡ (Sophie Handford) ਨਾਲ ਹੋਵੇਗਾ।

ਪਿਛਲੀਆਂ ਚੋਣਾਂ ਵਿੱਚ ਕੌਸਟਲੀ ਨੇ ਪੁਰਾਣੇ ਓਟਾਕੀ (Ōtaki) ਹਲਕੇ ਤੋਂ 6,271 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

ਇੰਨੇ ਵੱਡੇ ਫ਼ਰਕ ਦੇ ਬਾਵਜੂਦ ਇਸ ਵਾਰ ਇਹ ਸੀਟ ਮੁਕਾਬਲੇ ਵਾਲੀ ਮੰਨੀ ਜਾ ਰਹੀ ਹੈ।

ਇਸ ਦਾ ਮੁੱਖ ਕਾਰਨ ਚੋਣ ਹਲਕਿਆਂ ਦੀਆਂ ਹੱਦਾਂ ਵਿੱਚ ਹੋਈਆਂ ਵੱਡੀਆਂ ਤਬਦੀਲੀਆਂ ਹਨ। ਨਵੇਂ ਕਾਪੀਟੀ ਹਲਕੇ ਵਿੱਚ ਪੁਰਾਣੇ ਮਾਨਾ (Mana) ਹਲਕੇ ਦੇ ਕੁਝ ਅਜਿਹੇ ਇਲਾਕੇ ਸ਼ਾਮਲ ਹੋਏ ਹਨ, ਜਿੱਥੇ ਲੇਬਰ ਨੂੰ ਮਜ਼ਬੂਤ ਸਮਰਥਨ ਮਿਲਦਾ ਰਿਹਾ ਹੈ।

ਲੇਬਰ ਦੀ ਉਮੀਦਵਾਰ ਸੋਫੀ ਹੈਂਡਫੋਰਡ ਪਹਿਲਾਂ ਸਥਾਨਕ ਕੌਂਸਲਰ ਰਹਿ ਚੁੱਕੀ ਹੈ ਅਤੇ ਸਕੂਲ ਸਟ੍ਰਾਈਕ ਫਾਰ ਕਲਾਈਮੇਟ ਅੰਦੋਲਨ ਦੀ ਅਗਵਾਈ ਵੀ ਕਰ ਚੁੱਕੀ ਹੈ।

ਦੂਜੇ ਪਾਸੇ ਟਿਮ ਕੌਸਟਲੀ ਨੈਸ਼ਨਲ ਦੇ ਸਰਗਰਮ ਅਤੇ ਲੋਕਪ੍ਰਿਯ ਆਗੂਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੇ ਮੁੱਦੇ ਉੱਤੇ ਵੀ ਆਪਣੀ ਪਛਾਣ ਬਣਾਈ ਹੈ।

ਜੇ ਲੇਬਰ ਕਾਪੀਟੀ ਵਿੱਚ ਜਿੱਤ ਹਾਸਲ ਕਰਦੀ ਹੈ, ਤਾਂ ਇਹ ਉਸ ਲਈ ਚੋਣ ਰਾਤ ਦੇ ਵੱਡੇ ਸਕਾਰਾਤਮਕ ਸੰਕੇਤਾਂ ਵਿੱਚੋਂ ਇੱਕ ਹੋਵੇਗਾ।

8. ਟਾਕਾਨੀਨੀ (Takanini) — ਰੀਮਾ ਨਾਖਲੇ ਸਾਹਮਣੇ ਖੜਗ ਸਿੰਘ ਦੀ ਚੁਣੌਤੀ

ਆਕਲੈਂਡ ਦੀ ਟਾਕਾਨੀਨੀ ਸੀਟ ਵੀ ਇਸ ਵਾਰ ਖ਼ਾਸ ਚਰਚਾ ਵਿੱਚ ਹੈ।

2023 ਦੀਆਂ ਚੋਣਾਂ ਵਿੱਚ ਨੈਸ਼ਨਲ ਪਾਰਟੀ ਦੀ ਰੀਮਾ ਨਾਖਲੇ (Rima Nakhle) ਨੇ ਇਹ ਸੀਟ 8,775 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ ਸੀ।

ਪਰ ਇਸ ਵਾਰ ਹੱਦਬੰਦੀ ਵਿੱਚ ਹੋਈਆਂ ਤਬਦੀਲੀਆਂ ਨਾਲ ਹਲਕੇ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ।

ਟਾਕਾਨੀਨੀ ਦੇ ਕੁਝ ਅਜਿਹੇ ਇਲਾਕੇ, ਜਿੱਥੇ ਨੈਸ਼ਨਲ ਨੂੰ ਪਹਿਲਾਂ ਮਜ਼ਬੂਤ ਸਮਰਥਨ ਮਿਲਦਾ ਸੀ, ਹੁਣ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਬੋਟਨੀ (Botany) ਹਲਕੇ ਵਿੱਚ ਸ਼ਾਮਲ ਕਰ ਦਿੱਤੇ ਗਏ ਹਨ।

ਇਸ ਨਾਲ ਟਾਕਾਨੀਨੀ ਵਿੱਚ ਨੈਸ਼ਨਲ ਨੂੰ ਚੁਣੌਤੀ ਮਿਲ ਸਕਦੀ ਹੈ।

ਇਸ ਵਾਰ ਲੇਬਰ ਵੱਲੋਂ ਖੜਗ ਸਿੰਘ (Kharag Singh) ਚੋਣ ਮੈਦਾਨ ਵਿੱਚ ਹਨ।

1News ਦੇ ਵਿਸ਼ਲੇਸ਼ਣ ਮੁਤਾਬਕ ਰੀਮਾ ਨਾਖਲੇ ਨੂੰ ਨੈਸ਼ਨਲ ਪਾਰਟੀ ਦੇ ਅੰਦਰ ਚੰਗਾ ਸਮਰਥਨ ਹਾਸਲ ਹੈ, ਪਰ ਸੀਟ ਬਚਾਉਣ ਲਈ ਉਨ੍ਹਾਂ ਨੂੰ ਵੋਟਰਾਂ ਦਾ ਭਰੋਸਾ ਵੀ ਕਾਇਮ ਰੱਖਣਾ ਪਵੇਗਾ।

ਹਾਲਾਂਕਿ ਖੜਗ ਸਿੰਘ ਲਈ ਇਹ ਸੀਟ ਜਿੱਤਣਾ ਅਜੇ ਵੀ ਮੁਸ਼ਕਲ ਨਹੀਂ ਹੈ, ਪਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਫ਼ਰਕ ਘਟਣ ਦੀ ਸੰਭਾਵਨਾ ਜਤਾਈ ਗਈ ਹੈ।

ਇਸ ਲਈ ਟਾਕਾਨੀਨੀ ਉਨ੍ਹਾਂ ਸੀਟਾਂ ਵਿੱਚ ਸ਼ਾਮਲ ਹੋ ਗਈ ਹੈ, ਜਿੱਥੇ ਨਤੀਜਾ ਨੈਸ਼ਨਲ ਦੇ ਸਮੁੱਚੇ ਪ੍ਰਦਰਸ਼ਨ ਦਾ ਇੱਕ ਅਹਿਮ ਸੰਕੇਤ ਹੋ ਸਕਦਾ ਹੈ।

9. ਵੈਸਟ ਕੋਸਟ-ਤਾਸਮਾਨ (West Coast-Tasman) — ਦੋਵੇਂ ਪਾਰਟੀਆਂ ਦੇ ਨਵੇਂ ਚਿਹਰੇ

ਵੈਸਟ ਕੋਸਟ-ਤਾਸਮਾਨ ਨੂੰ ਨੈਸ਼ਨਲ ਪਾਰਟੀ ਦੀਆਂ ਸਭ ਤੋਂ ਕਮਜ਼ੋਰ ਸੀਟਾਂ ਵਿੱਚੋਂ ਤੀਜੇ ਨੰਬਰ ਉੱਤੇ ਰੱਖਿਆ ਗਿਆ ਹੈ।

ਪਿਛਲੀਆਂ ਚੋਣਾਂ ਵਿੱਚ ਨੈਸ਼ਨਲ ਦੀ ਮੌਰੀਨ ਪਿਊ (Maureen Pugh) ਨੇ ਲੇਬਰ ਦੇ ਡੇਮੀਅਨ ਓ’ਕੌਨਰ (Damien O’Connor) ਨੂੰ ਇੱਕ ਹਜ਼ਾਰ ਤੋਂ ਕੁਝ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਪਰ ਇਸ ਵਾਰ ਦੋਵੇਂ ਪੁਰਾਣੇ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਹਨ।

ਨੈਸ਼ਨਲ ਨੇ ਫੈਡਰੇਟਿਡ ਫਾਰਮਰਜ਼ ਦੀ ਸਾਬਕਾ ਪ੍ਰਧਾਨ ਕੇਟੀ ਮਿਲਨ (Katie Milne) ਨੂੰ ਉਮੀਦਵਾਰ ਬਣਾਇਆ ਹੈ।

ਲੇਬਰ ਨੇ ਅਧਿਆਪਕ ਰੌਰੀ ਪੈਟਰਸਨ (Rory Paterson) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਕੇਟੀ ਮਿਲਨ ਦੀ ਕਿਸਾਨ ਭਾਈਚਾਰੇ ਵਿੱਚ ਪਛਾਣ ਅਤੇ ਲੋਕਪ੍ਰਿਯਤਾ ਨੈਸ਼ਨਲ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

ਦੂਜੇ ਪਾਸੇ ਲੇਬਰ ਨੂੰ ਉਮੀਦ ਹੈ ਕਿ ਪਾਰਟੀ ਦੇ ਸਮਰਥਨ ਵਿੱਚ ਸੰਭਾਵਿਤ ਵਾਧਾ ਉਸ ਨੂੰ ਇਹ ਸੀਟ ਜਿੱਤਣ ਵਿੱਚ ਮਦਦ ਕਰੇਗਾ।

ਹਾਲਾਂਕਿ ਵਿਸ਼ਲੇਸ਼ਣ ਮੁਤਾਬਕ ਇੱਥੇ ਲੇਬਰ ਦੀ ਜਿੱਤ ਦੀ ਸੰਭਾਵਨਾ ਵੈਸਟ ਆਕਲੈਂਡ ਦੀਆਂ ਕੁਝ ਸੀਟਾਂ ਜਿੰਨੀ ਮਜ਼ਬੂਤ ਨਹੀਂ ਹੈ।

10. ਹੈਮਿਲਟਨ ਈਸਟ (Hamilton East) — ਰਾਇਨ ਹੈਮਿਲਟਨ ਲਈ ਅਹਿਮ ਪ੍ਰੀਖਿਆ

ਹੈਮਿਲਟਨ ਈਸਟ ਵਿੱਚ ਨੈਸ਼ਨਲ ਦੇ ਰਾਇਨ ਹੈਮਿਲਟਨ (Ryan Hamilton) ਆਪਣੀ ਸੀਟ ਬਚਾਉਣ ਲਈ ਚੋਣ ਲੜ ਰਹੇ ਹਨ।

ਉਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ 5,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

ਇਸ ਵਾਰ ਉਨ੍ਹਾਂ ਦਾ ਮੁਕਾਬਲਾ ਲੇਬਰ ਦੀ ਜੌਰਜੀ ਡੈਨਸੀ (Georgie Dansey) ਨਾਲ ਹੋਵੇਗਾ।

ਡੈਨਸੀ ਇਸੇ ਸਾਲ ਪਾਰਟੀ ਲਿਸਟ ਰਾਹੀਂ ਸੰਸਦ ਵਿੱਚ ਪਹੁੰਚੀ ਹੈ ਅਤੇ ਇਲਾਕੇ ਵਿੱਚ ਆਪਣੀ ਪਛਾਣ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ।

ਇਹ ਸੀਟ ਵੀ ਉਨ੍ਹਾਂ ਮੁਕਾਬਲਿਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ, ਜਿੱਥੇ ਨਤੀਜਾ ਬਹੁਤ ਅਹਿਮ ਹੋ ਸਕਦਾ ਹੈ।

ਜੇ ਨੈਸ਼ਨਲ ਹੈਮਿਲਟਨ ਈਸਟ ਬਚਾਉਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਇਹ ਉਸ ਲਈ ਚੰਗੇ ਚੋਣ ਪ੍ਰਦਰਸ਼ਨ ਦਾ ਸੰਕੇਤ ਹੋਵੇਗਾ।

ਇਸ ਸੀਟ ਦਾ ਨਤੀਜਾ ਨੈਸ਼ਨਲ ਦੀਆਂ ਸੰਭਾਵਿਤ ਓਵਰਹੈਂਗ ਸੀਟਾਂ ਦੀ ਗਿਣਤੀ ਉੱਤੇ ਵੀ ਅਸਰ ਪਾ ਸਕਦਾ ਹੈ।

11. ਮਾਊਂਟ ਐਲਬਰਟ (Mount Albert) — ਪਿਛਲੀ ਵਾਰ ਸਿਰਫ਼ 20 ਵੋਟਾਂ ਨਾਲ ਹੋਇਆ ਸੀ ਫ਼ੈਸਲਾ

ਮਾਊਂਟ ਐਲਬਰਟ ਲੰਬੇ ਸਮੇਂ ਤੱਕ ਲੇਬਰ ਪਾਰਟੀ ਦੀਆਂ ਸਭ ਤੋਂ ਸੁਰੱਖਿਅਤ ਸੀਟਾਂ ਵਿੱਚੋਂ ਇੱਕ ਰਹੀ ਹੈ।

ਇਸ ਹਲਕੇ ਤੋਂ ਪਹਿਲਾਂ ਹੈਲਨ ਕਲਾਰਕ ਅਤੇ ਜੈਸਿੰਡਾ ਆਰਡਰਨ ਵਰਗੀਆਂ ਸਾਬਕਾ ਪ੍ਰਧਾਨ ਮੰਤਰੀਆਂ ਨੇ ਵੀ ਨੁਮਾਇੰਦਗੀ ਕੀਤੀ ਹੈ।

ਪਰ 2023 ਦੀਆਂ ਚੋਣਾਂ ਵਿੱਚ ਇਸ ਸੀਟ ਉੱਤੇ ਹੈਰਾਨੀਜਨਕ ਨਤੀਜਾ ਸਾਹਮਣੇ ਆਇਆ।

ਲੇਬਰ ਦੀ ਹੈਲਨ ਵ੍ਹਾਈਟ (Helen White) ਨੇ ਨੈਸ਼ਨਲ ਦੀ ਮੇਲਿਸਾ ਲੀ (Melissa Lee) ਨੂੰ ਸਿਰਫ਼ 20 ਵੋਟਾਂ ਨਾਲ ਹਰਾਇਆ ਸੀ। ਇਹ ਦੇਸ਼ ਦੇ ਸਭ ਤੋਂ ਫਸਵੇਂ ਮੁਕਾਬਲਿਆਂ ਵਿੱਚੋਂ ਇੱਕ ਸੀ।

ਇਸ ਵਾਰ ਵੀ ਦੋਵਾਂ ਵਿਚਾਲੇ ਮੁਕਾਬਲਾ ਹੈ, ਪਰ ਚੋਣ ਮੈਦਾਨ ਵਿੱਚ ਹੋਰ ਉਮੀਦਵਾਰਾਂ ਦੀ ਮੌਜੂਦਗੀ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਗ੍ਰੀਨ ਪਾਰਟੀ ਦੇ ਰਿਕਾਰਡੋ ਮੇਨੇਂਡੇਜ਼ ਮਾਰਚ (Ricardo Menéndez March) ਮੁੜ ਚੋਣ ਲੜ ਰਹੇ ਹਨ। ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਮਿਲੀਆਂ ਵੋਟਾਂ ਨੇ ਖੱਬੇ ਪੱਖ ਦੀਆਂ ਵੋਟਾਂ ਦੀ ਵੰਡ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਇਸ ਵਾਰ ਅਪਰਚੂਨਿਟੀ ਪਾਰਟੀ ਦੀ ਆਗੂ ਕਿਊਲੇ ਵੋਂਗ (Qiulae Wong) ਵੀ ਮੈਦਾਨ ਵਿੱਚ ਹੈ।

ਵਿਸ਼ਲੇਸ਼ਣ ਮੁਤਾਬਕ ਵੋਂਗ ਨੂੰ ਸੱਜੇ ਅਤੇ ਖੱਬੇ ਦੋਵਾਂ ਪਾਸਿਆਂ ਤੋਂ ਵੋਟਾਂ ਮਿਲ ਸਕਦੀਆਂ ਹਨ, ਪਰ ਖੱਬੇ ਪੱਖ ਦੀਆਂ ਵੋਟਾਂ ਉੱਤੇ ਵੱਧ ਅਸਰ ਪੈਣ ਦੀ ਸੰਭਾਵਨਾ ਹੈ।

ਜੇ ਲੇਬਰ, ਗ੍ਰੀਨ ਅਤੇ ਅਪਰਚੂਨਿਟੀ ਪਾਰਟੀ ਵਿਚਾਲੇ ਵੋਟਾਂ ਵੰਡੀਆਂ ਜਾਂਦੀਆਂ ਹਨ, ਤਾਂ ਨੈਸ਼ਨਲ ਦੀ ਮੇਲਿਸਾ ਲੀ ਲਈ ਜਿੱਤ ਦਾ ਰਸਤਾ ਬਣ ਸਕਦਾ ਹੈ।

12. ਤਾਮਾਕੀ (Tāmaki) — ਨੈਸ਼ਨਲ ਅਤੇ ACT ਵਿਚਾਲੇ ਸਿੱਧੀ ਟੱਕਰ, ਲੇਬਰ ਵੀ ਮੈਦਾਨ ਵਿੱਚ

ਤਾਮਾਕੀ ਦੀ ਸੀਟ 2023 ਦੀਆਂ ਚੋਣਾਂ ਦੌਰਾਨ ਵੱਡੀ ਚਰਚਾ ਵਿੱਚ ਰਹੀ ਸੀ।

ਉਸ ਵੇਲੇ ACT ਪਾਰਟੀ ਦੀ ਆਗੂ ਬਰੂਕ ਵੈਨ ਵੇਲਡਨ (Brooke van Velden) ਨੇ ਨੈਸ਼ਨਲ ਦੇ ਸਾਈਮਨ ਓ’ਕੌਨਰ (Simon O’Connor) ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ।

ਇਹ ਨੈਸ਼ਨਲ ਲਈ ਉਸ ਚੋਣ ਰਾਤ ਦੇ ਕੁਝ ਵੱਡੇ ਝਟਕਿਆਂ ਵਿੱਚੋਂ ਇੱਕ ਸੀ।

ਇਸ ਵਾਰ ਦੋਵੇਂ ਪੁਰਾਣੇ ਉਮੀਦਵਾਰ ਮੈਦਾਨ ਵਿੱਚ ਨਹੀਂ ਹਨ।

ACT ਨੇ ਸਾਬਕਾ ਨੈਸ਼ਨਲ ਉਮੀਦਵਾਰ ਜੇਮਜ਼ ਕ੍ਰਿਸਮਸ (James Christmas) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਨੈਸ਼ਨਲ ਨੇ ਮਹੇਸ਼ ਮੁਰਲੀਧਰ (Mahesh Muralidhar) ਨੂੰ ਉਮੀਦਵਾਰ ਬਣਾਇਆ ਹੈ, ਜੋ ਨਵੇਂ ਕਾਰੋਬਾਰਾਂ ਅਤੇ ਸਟਾਰਟਅੱਪ ਕੰਪਨੀਆਂ ਨਾਲ ਕੰਮ ਕਰਨ ਦਾ ਤਜਰਬਾ ਰੱਖਦੇ ਹਨ।

ਮੁਰਲੀਧਰ ਪਿਛਲੀਆਂ ਚੋਣਾਂ ਵਿੱਚ ਆਕਲੈਂਡ ਸੈਂਟਰਲ ਤੋਂ ਚੋਣ ਲੜ ਚੁੱਕੇ ਹਨ।

ਦੂਜੇ ਪਾਸੇ ਲੇਬਰ ਨੇ ਮਸ਼ਹੂਰ ਵਕੀਲ ਮੈਕਸ ਹੈਰਿਸ (Max Harris) ਨੂੰ ਉਮੀਦਵਾਰ ਬਣਾਇਆ ਹੈ। ਹੈਰਿਸ ਪਹਿਲਾਂ ਵੀ ਸਿਆਸੀ ਮੁਹਿੰਮਾਂ ਨਾਲ ਜੁੜੇ ਰਹੇ ਹਨ, ਜਿਨ੍ਹਾਂ ਵਿੱਚ ਐਫੇਸੋ ਕੌਲਿਨਜ਼ ਦੀ ਮੇਅਰ ਚੋਣ ਮੁਹਿੰਮ ਵੀ ਸ਼ਾਮਲ ਹੈ।

ਵਿਸ਼ਲੇਸ਼ਣ ਮੁਤਾਬਕ ਇੱਥੇ ਲੇਬਰ ਲਈ ਜਿੱਤਣਾ ਬਹੁਤ ਮੁਸ਼ਕਲ ਹੈ, ਪਰ ਜੇ ਨੈਸ਼ਨਲ ਅਤੇ ACT ਵਿਚਾਲੇ ਸੱਜੇ ਪੱਖ ਦੀਆਂ ਵੋਟਾਂ ਵੰਡੀਆਂ ਜਾਂਦੀਆਂ ਹਨ, ਤਾਂ ਮੁਕਾਬਲਾ ਦਿਲਚਸਪ ਹੋ ਸਕਦਾ ਹੈ।

13. ਤੇ ਤਾਈ ਤੋਕੇਰਾਊ (Te Tai Tokerau) — ਚਾਰ ਧਿਰਾਂ ਵਿਚਾਲੇ ਵੱਡਾ ਮੁਕਾਬਲਾ

ਤੇ ਤਾਈ ਤੋਕੇਰਾਊ ਇਸ ਵਾਰ ਸਭ ਤੋਂ ਵੱਖਰੇ ਅਤੇ ਦਿਲਚਸਪ ਚੋਣ ਹਲਕਿਆਂ ਵਿੱਚੋਂ ਇੱਕ ਹੈ, ਜਿੱਥੇ ਚਾਰ ਪ੍ਰਮੁੱਖ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋ ਰਿਹਾ ਹੈ।

ਕੁਝ ਇਲਾਕਾਈ ਸਰਵੇਖਣਾਂ ਮੁਤਾਬਕ ਗ੍ਰੀਨ ਪਾਰਟੀ ਦੀ ਹੂਹਾਨਾ ਲਿੰਡਨ (Hūhana Lyndon) ਅੱਗੇ ਨਜ਼ਰ ਆ ਰਹੀ ਹੈ।

ਲਿੰਡਨ ਨੇ ਇਸ ਹਲਕੇ ਵਿੱਚ ਵੱਖ-ਵੱਖ ਭਾਈਚਾਰਕ ਇਕੱਠਾਂ ਅਤੇ ਮਾਓਰੀ ਸਮਾਗਮਾਂ ਵਿੱਚ ਕਾਫ਼ੀ ਸਰਗਰਮੀ ਦਿਖਾਈ ਹੈ।

ਗ੍ਰੀਨ ਪਾਰਟੀ ਨੂੰ ਉਮੀਦ ਹੈ ਕਿ ਇੱਥੇ ਜਿੱਤ ਹਾਸਲ ਕਰਕੇ ਉਹ ਪਹਿਲੀ ਵਾਰ ਕਿਸੇ ਮਾਓਰੀ ਚੋਣ ਹਲਕੇ ਵਿੱਚ ਸਿੱਧੀ ਜਿੱਤ ਦਰਜ ਕਰ ਸਕਦੀ ਹੈ।

ਲੇਬਰ ਨੇ ਵਿਲੋ-ਜੀਨ ਪ੍ਰਾਈਮ (Willow-Jean Prime) ਨੂੰ ਉਮੀਦਵਾਰ ਬਣਾਇਆ ਹੈ, ਜੋ ਪਾਰਟੀ ਦੀ ਲਿਸਟ ਵਿੱਚ ਉੱਚੇ ਸਥਾਨ ਉੱਤੇ ਹਨ। ਉਹ ਪਹਿਲਾਂ ਆਮ ਚੋਣ ਹਲਕਿਆਂ ਤੋਂ ਚੋਣ ਲੜਦੇ ਰਹੇ ਹਨ, ਪਰ ਇਸ ਵਾਰ ਤੇ ਤਾਈ ਤੋਕੇਰਾਊ ਵਿੱਚ ਮੈਦਾਨ ਵਿੱਚ ਹਨ।

ਤੇ ਪਾਤੀ ਮਾਓਰੀ (Te Pāti Māori) ਵੱਲੋਂ ਅਪੇਰਾਹਾਮਾ ਐਡਵਰਡਜ਼ (Aperahama Edwards) ਚੋਣ ਲੜ ਰਹੇ ਹਨ। ਉਹ ਨਗਾਤੀਵਾਈ ਟਰੱਸਟ ਬੋਰਡ ਦੇ ਮੌਜੂਦਾ ਚੇਅਰਮੈਨ ਅਤੇ ਮਾਓਰੀ ਭਾਈਚਾਰੇ ਵਿੱਚ ਸਨਮਾਨਤ ਆਗੂ ਹਨ।

ਚੌਥੀ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਮਰੀਆਮੇਨੋ ਕਾਪਾ-ਕਿੰਗੀ (Mariameno Kapa-Kingi) ਹੈ।

ਕਾਪਾ-ਕਿੰਗੀ ਨੂੰ ਤੇ ਪਾਤੀ ਮਾਓਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੇ ਤਾਈ ਤੋਕੇਰਾਊ ਨਾਂ ਦੀ ਆਪਣੀ ਪਾਰਟੀ ਬਣਾਈ।

ਉਨ੍ਹਾਂ ਨੇ ਆਪਣੀ ਪਾਰਟੀ ਦੀ ਲਿਸਟ ਵੀ ਦਾਖ਼ਲ ਕੀਤੀ ਹੈ। ਜੇ ਉਹ ਇਲਾਕਾਈ ਸੀਟ ਜਿੱਤ ਜਾਂਦੀ ਹੈ, ਤਾਂ ਇਸ ਨਾਲ ਖੱਬੇ ਪੱਖ ਲਈ ਇੱਕ ਹੋਰ ਓਵਰਹੈਂਗ ਸੀਟ ਬਣਨ ਦੀ ਸੰਭਾਵਨਾ ਹੈ।

ਹਾਲਾਂਕਿ ਉਨ੍ਹਾਂ ਕੋਲ ਹੋਰ ਵੱਡੀਆਂ ਪਾਰਟੀਆਂ ਦੇ ਮੁਕਾਬਲੇ ਚੋਣ ਮੁਹਿੰਮ ਲਈ ਘੱਟ ਸਰੋਤ ਹਨ।

ਇਸ ਸੀਟ ਦਾ ਨਤੀਜਾ ਨਾ ਸਿਰਫ਼ ਮਾਓਰੀ ਸਿਆਸਤ, ਸਗੋਂ ਅਗਲੀ ਸੰਸਦ ਦੇ ਸੀਟਾਂ ਵਾਲੇ ਸਮੀਕਰਨ ਉੱਤੇ ਵੀ ਅਸਰ ਪਾ ਸਕਦਾ ਹੈ।

14. ਵਾਂਗਾਨੂਈ (Whanganui) — ਨੈਸ਼ਨਲ ਦਾ ਮਜ਼ਬੂਤ ਗੜ੍ਹ

ਵਾਂਗਾਨੂਈ ਵਿੱਚ ਨੈਸ਼ਨਲ ਦੇ ਕਾਰਲ ਬੇਟਸ (Carl Bates) ਆਪਣੀ ਸੀਟ ਬਚਾਉਣ ਲਈ ਚੋਣ ਲੜ ਰਹੇ ਹਨ।

ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੇ 5,512 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

ਲੇਬਰ ਨੇ 2020 ਵਿੱਚ ਜੈਸਿੰਡਾ ਆਰਡਰਨ ਦੀ ਅਗਵਾਈ ਹੇਠ ਆਈ ਵੱਡੀ ਚੋਣ ਲਹਿਰ ਦੌਰਾਨ ਇਹ ਸੀਟ ਜਿੱਤੀ ਸੀ।

ਪਰ ਮੌਜੂਦਾ ਸਿਆਸੀ ਹਾਲਾਤ ਵਿੱਚ ਇਹ ਸੀਟ ਨੈਸ਼ਨਲ ਲਈ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ।

1News ਦੇ ਵਿਸ਼ਲੇਸ਼ਣ ਮੁਤਾਬਕ ਇੱਥੇ ਲੇਬਰ ਦੀ ਜਿੱਤ ਦੀ ਸੰਭਾਵਨਾ ਘੱਟ ਹੈ।

ਜੇ ਲੇਬਰ ਵਾਂਗਾਨੂਈ ਵੀ ਜਿੱਤ ਜਾਂਦੀ ਹੈ, ਤਾਂ ਇਹ ਦੇਸ਼ ਭਰ ਵਿੱਚ ਉਸ ਦੇ ਹੱਕ ਵਿੱਚ ਆਈ ਬਹੁਤ ਵੱਡੀ ਚੋਣ ਲਹਿਰ ਦਾ ਸੰਕੇਤ ਹੋਵੇਗਾ।

15. ਮਾਊਂਗਾਕੀਕੀ (Maungakiekie) — ਪ੍ਰਿਯੰਕਾ ਰਾਧਾਕ੍ਰਿਸ਼ਨਨ ਦੀ ਵਾਪਸੀ ਦੀ ਕੋਸ਼ਿਸ਼

ਆਕਲੈਂਡ ਦੀ ਮਾਊਂਗਾਕੀਕੀ ਸੀਟ ਲੰਬੇ ਸਮੇਂ ਤੋਂ ਨੈਸ਼ਨਲ ਅਤੇ ਲੇਬਰ ਵਿਚਾਲੇ ਬਦਲਦੀ ਰਹੀ ਹੈ।

ਇਸ ਵੇਲੇ ਇਹ ਸੀਟ ਨੈਸ਼ਨਲ ਦੇ ਗ੍ਰੈਗ ਫਲੇਮਿੰਗ (Greg Fleming) ਕੋਲ ਹੈ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ 4,617 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।

ਫਲੇਮਿੰਗ ਨੇ ਆਪਣੇ ਪਹਿਲੇ ਸੰਸਦੀ ਕਾਰਜਕਾਲ ਦੌਰਾਨ ਇਲਾਕੇ ਵਿੱਚ ਚੰਗੀ ਪਛਾਣ ਬਣਾਈ ਹੈ।

ਲੇਬਰ ਨੇ ਇਸ ਵਾਰ ਸਾਬਕਾ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ (Priyanca Radhakrishnan) ਨੂੰ ਮੈਦਾਨ ਵਿੱਚ ਉਤਾਰਿਆ ਹੈ।

ਰਾਧਾਕ੍ਰਿਸ਼ਨਨ 2020 ਤੋਂ 2023 ਤੱਕ ਇਸ ਹਲਕੇ ਦੀ ਸੰਸਦ ਮੈਂਬਰ ਰਹਿ ਚੁੱਕੀ ਹੈ।

ਜੇ ਲੇਬਰ ਸੱਤਾ ਵਿੱਚ ਵਾਪਸੀ ਕਰਦੀ ਹੈ, ਤਾਂ ਰਾਧਾਕ੍ਰਿਸ਼ਨਨ ਨੂੰ ਮੁੜ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਵੀ ਮੰਨੀ ਜਾ ਰਹੀ ਹੈ।

ਚੋਣ ਹਲਕੇ ਦੀਆਂ ਹੱਦਾਂ ਵਿੱਚ ਹੋਈਆਂ ਤਬਦੀਲੀਆਂ ਦਾ ਨੈਸ਼ਨਲ ਉੱਤੇ ਕੁਝ ਨਕਾਰਾਤਮਕ ਅਸਰ ਪਿਆ ਹੈ।

ਹਾਲਾਂਕਿ ਪਿਛਲੀਆਂ ਚੋਣਾਂ ਵਿੱਚ 4,617 ਵੋਟਾਂ ਦੀ ਬੜ੍ਹਤ ਹੋਣ ਕਾਰਨ ਨੈਸ਼ਨਲ ਇਸ ਸੀਟ ਨੂੰ ਬਚਾਉਣ ਦੀ ਉਮੀਦ ਕਰ ਰਹੀ ਹੈ।

ਸਰਕਾਰ ਬਣਾਉਣ ਵਿੱਚ ਕਿਹੜੀਆਂ ਸੀਟਾਂ ਸਭ ਤੋਂ ਅਹਿਮ?

ਇਨ੍ਹਾਂ 15 ਸੀਟਾਂ ਦੇ ਵਿਸ਼ਲੇਸ਼ਣ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੇਬਰ ਲਈ ਬੈਂਕਸ ਪੈਨਿਨਸੁਲਾ, ਵੈਟਾਕੇਰੇ ਅਤੇ ਮਾਊਂਟ ਰੋਸਕਿਲ ਵਰਗੀਆਂ ਸੀਟਾਂ ਮੁੜ ਜਿੱਤਣਾ ਖ਼ਾਸ ਅਹਿਮ ਹੋਵੇਗਾ।

ਹੱਟ ਸਾਊਥ ਵਿੱਚ ਕ੍ਰਿਸ ਬਿਸ਼ਪ ਦੀ ਹਾਰ ਨੈਸ਼ਨਲ ਲਈ ਵੱਡਾ ਸਿਆਸੀ ਝਟਕਾ ਸਾਬਤ ਹੋ ਸਕਦੀ ਹੈ, ਜਦਕਿ ਮਾਊਂਟ ਐਲਬਰਟ ਵਿੱਚ ਮੇਲਿਸਾ ਲੀ ਦੀ ਜਿੱਤ ਨੈਸ਼ਨਲ ਨੂੰ ਵਾਧੂ ਫ਼ਾਇਦਾ ਦੇ ਸਕਦੀ ਹੈ।

ਟਾਕਾਨੀਨੀ ਅਤੇ ਕਾਪੀਟੀ ਵਿੱਚ ਚੋਣ ਹਲਕਿਆਂ ਦੀਆਂ ਬਦਲੀਆਂ ਹੱਦਾਂ ਕਾਰਨ ਪਿਛਲੀਆਂ ਚੋਣਾਂ ਦੇ ਵੱਡੇ ਜਿੱਤ ਫ਼ਰਕ ਇਸ ਵਾਰ ਜਿੱਤ ਦੀ ਗਾਰੰਟੀ ਨਹੀਂ ਮੰਨੇ ਜਾ ਸਕਦੇ।

ਦੂਜੇ ਪਾਸੇ ਤਾਮਾਕੀ ਅਤੇ ਤੇ ਤਾਈ ਤੋਕੇਰਾਊ ਵਰਗੀਆਂ ਸੀਟਾਂ ਉੱਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਵੋਟਾਂ ਦੀ ਵੰਡ ਵੀ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਤਾਜ਼ਾ ਸਰਵੇਖਣ ਦੇ ਅੰਕੜਿਆਂ ਮੁਤਾਬਕ ਅਪਰਚੂਨਿਟੀ ਪਾਰਟੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਪਰ ਜੇ ਓਵਰਹੈਂਗ ਸੀਟਾਂ ਬਣਦੀਆਂ ਹਨ, ਤਾਂ ਸਰਕਾਰ ਬਣਾਉਣ ਲਈ ਉਸ ਦੇ ਸਮਰਥਨ ਦੀ ਲੋੜ ਬਾਰੇ ਸਮੀਕਰਨ ਬਦਲ ਸਕਦੇ ਹਨ।

ਕੁੱਲ ਮਿਲਾ ਕੇ ਇਸ ਵਾਰ ਨਿਊਜ਼ੀਲੈਂਡ ਦੀਆਂ ਚੋਣਾਂ ਸਿਰਫ਼ ਨੈਸ਼ਨਲ ਅਤੇ ਲੇਬਰ ਵਿਚਾਲੇ ਪਾਰਟੀ ਵੋਟ ਦਾ ਮੁਕਾਬਲਾ ਨਹੀਂ ਹਨ। ਦੇਸ਼ ਦੀਆਂ ਇਹ 15 ਇਲਾਕਾਈ ਸੀਟਾਂ ਵੀ ਇਹ ਤੈਅ ਕਰਨ ਵਿੱਚ ਫ਼ੈਸਲਾਕੁੰਨ ਸਾਬਤ ਹੋ ਸਕਦੀਆਂ ਹਨ ਕਿ ਅਗਲੀ ਸਰਕਾਰ ਕਿਹੜਾ ਗਠਜੋੜ ਬਣਾਏਗਾ ਅਤੇ ਸੰਸਦ ਵਿੱਚ ਤਾਕਤ ਦਾ ਸੰਤੁਲਨ ਕਿਸ ਦੇ ਹੱਕ ਵਿੱਚ ਰਹੇਗਾ।

 

Leave a Comment

Your email address will not be published. Required fields are marked *

error: Content is protected !!
Scroll to Top