
ਇਨ੍ਹੀ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਗੋਵਿੰਦ ਸਿੰਘ ਸੰਧੂ ਦੇ ਵਿਆਹ ਮੌਕੇ ਉਸ ਦੇ ਸਿਰ ਉੱਤੇ ਚੌਰ ਝੁਲਾਉਣ ਦਾ ਮਾਮਲਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ਵੇਲੇ ਗੋਵਿੰਦ ਸਿੰਘ ਸੰਧੂ ਦੇ ਸਿਰ ਉੱਤੇ ਚੌਰ ਅਤੇ ਛਤਰ ਝੁਲਾਉਣ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ, ਜਿਸ ਨੇ ਸਿੱਖ ਹਲਕਿਆਂ ਵਿੱਚ ਭਾਰੀ ਰੋਹ ਪੈਦਾ ਕਰ ਦਿੱਤਾ। ਸਿੱਖ ਧਰਮ ਵਿੱਚ ਚਵਰ ਅਤੇ ਛਤਰ ਦੇ ਮਾਲਕ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਦਸ ਗੁਰੂ ਸਾਹਿਬਾਨ ਤੋਂ ਬਾਅਦ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੋਈ ਹੈ।ਇਸ ਕਰਕੇ ਸਿਮਰਨਜੀਤ ਸਿੰਘ ਮਾਨ, ਜੋ ਕਿ ਖਾਲਿਸਤਾਨ ਸੰਘਰਸ਼ ਦੇ ਵੱਡੇ ਸਿਆਸੀ ਆਗੂ ਮੰਨੇ ਜਾਂਦੇ ਹਨ, ਉਨ੍ਹਾਂ ਦੇ ਦੋਹਤਰੇ ਵਲੋਂ ਆਪਣੇ ਸਿਰ ‘ਤੇ ਚੌਰ ਝੁਲਾਉਣ ਨੂੰ ਬੇਹੱਦ ਮੰਦਭਾਗਾ ਅਤੇ ਗਲਤ ਮੰਨਿਆ ਜਾ ਰਿਹਾ ਹੈ। ਜਦੋਂਕਿ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਗੋਵਿੰਦ ਸਿੰਘ ਸੰਧੂ ਨੇ ਵਿਵਾਦ ਵਧਦਾ ਦੇਖਦਿਆਂ ਖ਼ੁਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾ ਕੇ ਮਾਫੀ ਮੰਗਦਿਆਂ ਸਪੱਸ਼ਟੀਕਰਨ ਦਿੱਤਾ ਹੈ ਕਿ ਹੈ ਕਿ ਉਹ ਸ਼ਾਹਜਾਦਪੁਰ ਰਿਆਸਤ ਨਾਲ ਸਬੰਧਿਤ ਹਨ ਅਤੇ ਪੁਰਾਤਨ ਰਿਆਸਤੀ ਪਰਿਵਾਰਾਂ ਵਿਚ ਰਵਾਇਤ ਚੱਲੀ ਆ ਰਹੀ ਹੈ ਕਿ ਜਦੋਂ ਵੀ ਰਿਆਸਤੀ ਪਰਿਵਾਰ ਨਾਲ ਸਬੰਧਿਤ ਕੋਈ ਨੌਜਵਾਨ ਦਾ ਵਿਆਹ ਹੁੰਦਾ ਹੈ ਤਾਂ ਉਸ ਉੱਤੇ ਚੌਰ ਝੁਲਾਇਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਗੋਵਿੰਦ ਸਿੰਘ ਸੰਧੂ ਨੇ ਇਹ ਵੀ ਆਖਿਆ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਅੱਜ ਚਵਰ ਛਤਰ ਦੇ ਮਾਲਕ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਇਹ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਰਾਖਵਾਂ ਹੈ।
ਇਸ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਧਾਂਤਕ ਤੇ ਮਰਿਆਦਕ ਸਮਝ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਕੀ ਰਿਆਸਤੀ ਰਵਾਇਤਾਂ ਨੂੰ ਸਿੱਖ ਧਰਮ ਦੇ ਅਸੂਲਾਂ ਤੋਂ ਉੱਪਰ ਰੱਖਿਆ ਜਾ ਸਕਦਾ ਹੈ? ਸਿੱਖ ਇਤਿਹਾਸ ਵਿੱਚ ਅਜਿਹੀਆਂ ਰੀਤਾਂ ਨੂੰ ਗੁਰੂ ਸਾਹਿਬਾਨ ਨੇ ਖ਼ਤਮ ਕੀਤਾ ਸੀ, ਤਾਂ ਜੋ ਸਿੱਖ ਧਰਮ ਵਿਚ ਬਰਾਬਰੀ ਅਤੇ ਰੱਬੀ ਏਕਤਾ ਦੇ ਸਿਧਾਂਤ ਨੂੰ ਬਰਕਰਾਰ ਰੱਖਿਆ ਜਾ ਸਕੇ।
ਗੱਲ ਨੂੰ ਡੂੰਘਾਈ ਨਾਲ ਵੇਖੀਏ ਤਾਂ ਸਿੱਖ ਵਿਆਹ ਦੀ ਰਸਮ ਸ੍ਰੀ ਗੁਰੂ ਅਮਰਦਾਸ ਜੀ ਨੇ ਆਰੰਭ ਕੀਤੀ ਸੀ, ਜਦੋਂਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਰ ਲਾਵਾਂ ਦੀ ਬਾਣੀ ਦੀ ਰਚਨਾ ਕੀਤੀ ਸੀ।
ਮੁਗਲ ਕਾਲ ਦੌਰਾਨ ਹਿੰਦੂ ਵਿਆਹ ਰਾਤ ਨੂੰ ਕੀਤੇ ਜਾਂਦੇ ਸਨ, ਕਿਉਂਕਿ ਮੁਗਲ ਜੰਝਾਂ ਲੁੱਟ ਲੈਂਦੇ ਅਤੇ ਨਵੀਂ ਵਿਆਹੀ ਵਹੁਟੀ ਨੂੰ ਉਧਾਲ ਕੇ ਲੈ ਜਾਂਦੇ ਸਨ। ਇਸ ਕਰਕੇ ਲੋਕ ਵਿਆਹ ਹਨੇਰੇ ਵਿੱਚ ਕਰਨ ਲੱਗੇ। ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾ ਨੂੰ ਕਿਹਾ ਕਿ ਉਹ ਦਿਨ ਵਿਚ ਵਿਆਹ ਕਰਨ। ਲਾੜੇ ਨੂੰ ਘੋੜੀ ‘ਤੇ ਚੜ੍ਹਾਇਆ ਜਾਂਦਾ ਅਤੇ ਸ਼ਸਤਰਧਾਰੀ ਹੋਣ ਲਈ ਹੱਥ ਵਿਚ ਵੱਡੀ ਕਿਰਪਾਨ ਫੜੀ ਜਾਂਦੀ। ਵਿਆਹ ਵਿੱਚ ਗਤਕੇ ਤੇ ਘੋੜ ਸਵਾਰੀ ਵਰਗੇ ਜੌਹਰ ਦਿਖਾਉਣ ਨੂੰ ਉਤਸ਼ਾਹਿਤ ਕੀਤਾ।
ਇਹ ਸੱਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਂ ਰਿਆਸਤਾਂ ਦੇ ਰਾਜ ਦੌਰਾਨ ਬਹੁਤ ਸਾਰੀਆਂ ਗੁਰਮਤਿ ਵਿਰੋਧੀ ਕੁਰੀਤੀਆਂ ਸਿੱਖ ਸਮਾਜ ਵਿਚ ਪ੍ਰਫੁੱਲਤ ਹੋ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਹੀ ਬਹੁਤ ਸਾਰੀਆਂ ਰਾਣੀਆਂ ਵਲੋਂ ਸਤੀ ਹੋਣਾ ਇਸ ਗੱਲ ਦਾ ਪ੍ਰਮਾਣ ਹੈ। 19ਵੀਂ ਸਦੀ ਵਿੱਚ ਸਿੰਘ ਸਭਾ ਲਹਿਰ ਨੇ ਸਿੱਖ ਸਮਾਜ ਵਿਚੋਂ ਕੁਰੀਤੀਆਂ ਨੂੰ ਖ਼ਤਮ ਕਰਕੇ ਮੁੜ ਗੁਰਮਤਿ ਨੂੰ ਪ੍ਰਚੰਡ ਕੀਤਾ। ਸੰਨ 1909 ਵਿੱਚ ਅਨੰਦ ਮੈਰਿਜ ਐਕਟ ਪਾਸ ਹੋਇਆ, ਜਿਸ ਨੇ ਸਿੱਖ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ।
ਪਰ ਅੱਜ ਵੀ ਕੁਝ ਰਿਆਸਤੀ ਪਰਿਵਾਰ ਸਿੱਖ ਵੀ ਕਹਾਉਂਦੇ ਹਨ ਅਤੇ ਹਿੰਦੂ ਰੀਤਾਂ ਵਾਂਗ ਸਿਹਰਾ ਲਾ ਕੇ ਮੂੰਹ ਵੀ ਲੁਕਾਉਂਦੇ ਹਨ। ਮੁਗਲ ਕਾਲ ਵਿੱਚ ਜਦੋਂ ਲਾੜਾ ਖਾਲੀ ਡੋਲੀ ਨਾਲ ਵਾਪਸ ਆਉਂਦਾ ਸੀ ਤਾਂ ਸ਼ਰਮ ਨਾਲ ਮੂੰਹ ਢੱਕ ਲੈਂਦਾ ਸੀ, ਜੋ ਅੱਜ ਰਿਵਾਜ ਵਜੋਂ ਜਾਰੀ ਹੈ। ਸਿੱਖ ਧਰਮ ਵਿੱਚ ਅਜਿਹੀਆਂ ਘਟੀਆ ਰਸਮਾਂ ਲਈ ਕੋਈ ਥਾਂ ਨਹੀਂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਮਾਜ ਵਿਚ ਬਰਾਬਰੀ ਸਿਖਾਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾ ਕੇ ਅਕਾਲ ਪੁਰਖ ਨੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਕਿਹਾ ਅਤੇ ਰਾਜਸੀ ਧੌਂਸ ਨੂੰ ਖ਼ਤਮ ਕੀਤਾ। ਪਰ ਇਸ ਦੇ ਬਾਵਜੂਦ ਜੇਕਰ ਅਜੇ ਵੀ ਸਿੱਖ ਹਉਮੈਂ ਵਿਚੋਂ ਬਾਹਰ ਨਾ ਨਿਕਲਣ ਤਾਂ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਖੈਰ! ਚੌਰ ਤੇ ਛਤਰ ਝੁਲਾਉਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਮਾਫੀ ਮੰਗਣ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਗੋਵਿੰਦ ਸਿੰਘ ਸੰਧੂ ਦੇ ਵਿਆਹ ਮੌਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਜਿਸ ਨੇ 1990 ਦੇ ਦੌਰ ਵਿਚ ਜ਼ਕਰੀਆ ਖਾਨ ਅਤੇ ਮੀਰ-ਮੰਨੂ ਵਾਂਗ ਸਿੱਖ ਨੌਜਵਾਨੀ ਦਾ ਘਾਣ ਕੀਤਾ ਸੀ ਅਤੇ ਸਿੱਖ ਬੀਬੀਆਂ ਨੂੰ ਥਾਣਿਆਂ ਵਿਚ ਬੇਪੱਤ ਕਰਵਾਇਆ ਤੇ ਸਿੱਖਾਂ ਦੀ ਆਉਣ ਵਾਲੀ ਨਸਲ ਨੂੰ ਖਤਮ ਕਰਨ ਲਈ ਬੀੜਾ ਚੁੱਕਿਆ ਸੀ, ਦੇ ਪਰਿਵਾਰਕ ਮੈਂਬਰਾਂ, ਜਿਵੇਂ ਕਿ ਪੋਤਰੇ ਗੁਰਕੀਰਤ ਸਿੰਘ ਕੋਟਲੀ ਵਰਗੇ ਵਿਅਕਤੀਆਂ ਦੇ ਸ਼ਾਮਲ ਹੋਣ ‘ਤੇ ਵੀ ਬੇਹੱਦ ਇਤਰਾਜ਼ ਹੋ ਰਿਹਾ ਹੈ। ਇਸ ਘਟਨਾ ਨੇ ਸਿੱਖਾਂ ਦੇ ਆਗੂਆਂ ਦੇ ਦੋਹਰੇ ਚਿਹਰੇ ਬੇਨਕਾਬ ਕਰ ਦਿੱਤੇ ਹਨ। ਕਿਉਂਕਿ ਇਕ ਪਾਸੇ ਸਿਮਰਨਜੀਤ ਸਿੰਘ ਮਾਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਵਿਰੋਧ ਵਿਚ ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਦੀ ਨੌਕਰੀ ਛੱਡ ਕੇ ਆ ਗਏ ਸਨ ਅਤੇ 1990 ਵੇਂ ਦਹਾਕੇ ਤੋਂ ਖਾਲਿਸਤਾਨ ਦੀ ਜਮਹੂਰੀ ਲੜਾਈ ਲੜਣ ਦਾ ਦਾਅਵਾ ਕਰਦੇ ਆ ਰਹੇ ਹਨ ਅਤੇ ਸਟੇਜਾਂ ‘ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿੱਖਾਂ ਦਾ ਕਾਤਲ ਤੇ ਗੱਦਾਰ ਕਹਿੰਦੇ ਹਨ ਪਰ ਦੂਜੇ ਪਾਸੇ ਬੁੱਕਲ ਵਿਚ ਬੇਅੰਤ ਸਿੰਘ ਦੇ ਪਰਿਵਾਰ ਨਾਲ ਹੀ ਸਾਂਝ ਪਾਈ ਫਿਰਦੇ ਹਨ। ਸਵਾਲ ਖੜ੍ਹੇ ਹੋ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਆਪਣੇ ਸਬੰਧਾਂ ਬਾਰੇ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਦੀ ਕਚਹਿਰੀ ਵਿਚ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਪੰਥਕ ਆਗੂਆਂ ਦੀ ਭਰੋਸੇਯੋਗਤਾ ਬਣਾਈ ਰੱਖੀ ਜਾ ਸਕੇ। ਪੰਥ ਨੂੰ ਅਜਿਹੇ ਆਗੂ ਚਾਹੀਦੇ ਹਨ ਜੋ ਮਰਿਆਦਾ ਵਿਚ ਪੱਕੇ ਹੋਣ ਅਤੇ ਸਿੱਖਾਂ ਦੇ ਕਾਤਲਾਂ ਤੋਂ ਉਨ੍ਹਾਂ ਦੀ ਸਪੱਸ਼ਟ ਦੂਰੀ ਹੋਵੇ।
ਜਸਪ੍ਰੀਤ ਸਿੰਘ ਰਾਜਪੁਰਾ
ਸੰਪਾਦਕੀ ਨੋਟ
