
ਰਾਜਧਾਨੀ ਮੈਲਬਰਨ ਵਿੱਚ ਵੀ ਗਰਮੀ ਨੇ ਹੱਦਾਂ ਪਾਰ ਕਰ ਦਿੱਤੀਆਂ। ਸ਼ਹਿਰ ਦੇ ਪੱਛਮੀ ਇਲਾਕੇ ਲੈਵਰਟਨ ਵਿੱਚ ਤਾਪਮਾਨ 45.6 ਡਿਗਰੀ ਅਤੇ ਪੋਇੰਟ ਕੁੱਕ ਵਿੱਚ 45.3 ਡਿਗਰੀ ਤੱਕ ਪਹੁੰਚ ਗਿਆ। ਇਸ ਭਿਆਨਕ ਗਰਮੀ ਦੇ ਨਾਲ ਨਾਲ ਰਾਜ ਭਰ ਵਿੱਚ ਜੰਗਲੀ ਅੱਗ (ਬੁਸ਼ਫ਼ਾਇਰ) ਵੀ ਭੜਕ ਰਹੀ ਹੈ। ਓਟਵੇ ਰੇਂਜਜ਼ ਖੇਤਰ ਵਿੱਚ ਲੱਗੀ ਅੱਗ, ਜਿਸਨੂੰ ਕਾਰਲਾਇਲ ਰਿਵਰ ਫਾਇਰਜ਼ ਕਾਮਪਲੈਕਸ ਕਿਹਾ ਜਾ ਰਿਹਾ ਹੈ, ਕਾਰਨ ਹਜ਼ਾਰਾਂ ਲੋਕਾਂ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਬੁਧਵਾਰ ਲਈ ਵਿਮੇਰਾ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਪੂਰਾ ਅੱਗ-ਪਾਬੰਦੀ (Total Fire Ban) ਲਗਾ ਦਿੱਤੀ ਗਈ ਹੈ ਕਿਉਂਕਿ ਮੌਸਮ ਹੋਰ ਵੀ ਗਰਮ, ਸੁੱਕਾ ਅਤੇ ਤੇਜ਼ ਹਵਾਵਾਂ ਵਾਲਾ ਰਹਿਣ ਦੀ ਸੰਭਾਵਨਾ ਹੈ ਅਤੇ ਤਾਪਮਾਨ 40 ਡਿਗਰੀ ਤੋਂ ਉੱਪਰ ਰਹਿ ਸਕਦਾ ਹੈ।
ਸਿਹਤ ਵਿਭਾਗ ਨੇ ਦੱਸਿਆ ਹੈ ਕਿ ਹਸਪਤਾਲਾਂ ਅਤੇ ਐਂਬੂਲੈਂਸ ਸੇਵਾਵਾਂ ’ਤੇ ਦਬਾਅ ਵਧ ਰਿਹਾ ਹੈ। ਹਿਊਮ ਖੇਤਰ ਵਿੱਚ ਐਂਬੂਲੈਂਸ ਕਾਲਾਂ ਵਿੱਚ 27 ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਲੋਡਨ ਮੈਲੀ ਖੇਤਰ ਵਿੱਚ ਸਾਹ ਲੈਣ ਵਿੱਚ ਦਿੱਕਤ ਸੰਬੰਧੀ ਕਾਲਾਂ 67 ਫ਼ੀਸਦੀ ਤੱਕ ਵਧ ਗਈਆਂ ਹਨ। ਪੈਰਾਮੈਡਿਕ ਟੀਮਾਂ ਨੇ ਤਿੰਨ ਮਾਮਲਿਆਂ ਵਿੱਚ ਗੱਡੀਆਂ ਵਿੱਚ ਫਸੇ ਬੱਚਿਆਂ ਨੂੰ ਵੀ ਬਚਾਇਆ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਪਾਣੀ ਵੱਧ ਪੀਣ, ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਅਤੇ ਅੱਗ ਸੰਬੰਧੀ ਚੇਤਾਵਨੀਆਂ ਦੀ ਪਾਲਣਾ ਕਰਨ। ਗਰਮੀ ਦੀ ਇਹ ਲਹਿਰ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
