ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਭਾਈਚਾਰੇ ਨੂੰ ਸੰਬੋਧਨ, KiwiSaver ਦੀ ਕਮਾਈ ਟੈਕਸ ਮੁਕਤ ਕਰਨ, ਅਪਰਾਧੀਆਂ ਖ਼ਿਲਾਫ਼ ਸਖ਼ਤੀ ਅਤੇ ਸਾਰਿਆਂ ਲਈ ਇੱਕੋ ਕਾਨੂੰਨ ਦਾ ਵਾਅਦਾ

ਸੀਮੋਰ ਨੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵੱਲੋਂ ਦਾਨ ਇਕੱਠਾ ਕਰਕੇ ਲੋੜਵੰਦਾਂ ਦੀ ਮਦਦ ਕਰਨ ਅਤੇ ਭਾਈਚਾਰੇ ਨੂੰ ਸਹਿਯੋਗ ਦੇਣ ਦੇ ਤਰੀਕੇ ਤੋਂ ਸਰਕਾਰਾਂ ਵੀ ਬਹੁਤ ਕੁਝ ਸਿੱਖ ਸਕਦੀਆਂ ਹਨ।
ਆਪਣੇ ਸੰਬੋਧਨ ਦੌਰਾਨ ਸੀਮੋਰ ਨੇ ACT ਪਾਰਟੀ ਦੀਆਂ ਤਿੰਨ ਪ੍ਰਮੁੱਖ ਤਰਜੀਹਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਫ਼ਜ਼ੂਲ ਖ਼ਰਚੇ ਘਟਾ ਕੇ ਲੋਕਾਂ, ਪਰਿਵਾਰਾਂ ਅਤੇ ਕਾਰੋਬਾਰੀਆਂ ਕੋਲ ਵੱਧ ਪੈਸਾ ਰਹਿਣਾ ਚਾਹੀਦਾ ਹੈ।
**KiwiSaver ਬਾਰੇ ਸੀਮੋਰ ਨੇ ਐਲਾਨ ਕੀਤਾ ਕਿ ACT ਪਾਰਟੀ ਇਸ ਵਿੱਚ ਜਮ੍ਹਾਂ ਰਕਮ ਤੋਂ ਹੋਣ ਵਾਲੀ ਯੋਗ ਨਿਵੇਸ਼ ਕਮਾਈ ਉੱਤੇ ਟੈਕਸ ਖ਼ਤਮ ਕਰਨਾ ਚਾਹੁੰਦੀ ਹੈ।** ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੀ ਆਮਦਨ ਦਾ 6, 8 ਜਾਂ 12 ਫ਼ੀਸਦੀ ਹਿੱਸਾ ਰਿਟਾਇਰਮੈਂਟ ਲਈ ਬਚਾਉਂਦੇ ਹਨ, ਉਨ੍ਹਾਂ ਦੀ ਬੱਚਤ ਤੋਂ ਹੋਣ ਵਾਲੀ ਕਮਾਈ ਉੱਤੇ ਦੁਬਾਰਾ ਟੈਕਸ ਨਹੀਂ ਲੱਗਣਾ ਚਾਹੀਦਾ। ਇਸ ਨਾਲ ਲੋਕ ਰਿਟਾਇਰਮੈਂਟ ਤੱਕ ਵਧੇਰੇ ਬੱਚਤ ਇਕੱਠੀ ਕਰ ਸਕਣਗੇ।
ਅਪਰਾਧਾਂ ਦੇ ਮੁੱਦੇ ਉੱਤੇ ਸੀਮੋਰ ਨੇ ਕਿਹਾ ਕਿ ACT ਪਾਰਟੀ ਅਪਰਾਧ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੱਕ ਵਿੱਚ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਪ੍ਰਸਤਾਵਿਤ ‘ਥ੍ਰੀ ਸਟਰਾਈਕਸ’ ਨੀਤੀ ਤਹਿਤ ਤਿੰਨ ਵਾਰ ਚੋਰੀ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਵਿਅਕਤੀ ਨੂੰ ਘੱਟੋ-ਘੱਟ ਤਿੰਨ ਸਾਲ ਦੀ ਜੇਲ੍ਹ ਹੋਵੇਗੀ ਅਤੇ ਪੈਰੋਲ ਨਹੀਂ ਮਿਲੇਗੀ।
**ਨਸਲੀ ਬਰਾਬਰੀ ਬਾਰੇ ਸੀਮੋਰ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕਿਸੇ ਵਿਅਕਤੀ ਦੇ ਹੱਕ ਸਿਰਫ਼ ਇਸ ਆਧਾਰ ਉੱਤੇ ਵੱਖਰੇ ਨਹੀਂ ਹੋਣੇ ਚਾਹੀਦੇ ਕਿ ਉਸ ਦੇ ਪੁਰਖੇ ਕਿੰਨੇ ਸਾਲ ਪਹਿਲਾਂ ਇਸ ਦੇਸ਼ ਵਿੱਚ ਆਏ ਸਨ।**
ਉਨ੍ਹਾਂ ਆਪਣੇ ਮਾਓਰੀ ਪੁਰਖਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਤਿਹਾਸ ਨਿਊਜ਼ੀਲੈਂਡ ਲਈ ਮਹੱਤਵਪੂਰਨ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸੈਂਕੜੇ ਸਾਲ ਪਹਿਲਾਂ ਆਏ ਵਿਅਕਤੀ ਨੂੰ ਉਸ ਵਿਅਕਤੀ ਨਾਲੋਂ ਵੱਧ ਹੱਕ ਮਿਲਣੇ ਚਾਹੀਦੇ ਹਨ ਜੋ ਸਿਰਫ਼ ਛੇ ਸਾਲ ਪਹਿਲਾਂ ਇੱਥੇ ਆਇਆ, ਮਿਹਨਤ ਕੀਤੀ, ਕਾਨੂੰਨ ਮੰਨਿਆ ਅਤੇ ਟੈਕਸ ਭਰਿਆ।
ਸੀਮੋਰ ਨੇ ਕਿਹਾ ਕਿ ਨਵੇਂ ਪ੍ਰਵਾਸੀਆਂ ਨੂੰ ਦੂਜੇ ਭਾਈਚਾਰਿਆਂ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲਿਆਂ ਨਾਲ ਬਰਾਬਰੀ ਦਾ ਵਿਹਾਰ ਹੋਣਾ ਚਾਹੀਦਾ ਹੈ।
2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਸੀਮੋਰ ਦਾ ਇਹ ਸੰਬੋਧਨ ਅਜਿਹੇ ਸਮੇਂ ਹੋਇਆ ਹੈ ਜਦੋਂ ਇਮੀਗ੍ਰੇਸ਼ਨ, ਨਸਲੀ ਸਬੰਧ, ਅਪਰਾਧ ਅਤੇ ਰਹਿਣ-ਸਹਿਣ ਦੇ ਵਧਦੇ ਖ਼ਰਚੇ ਚੋਣ ਪ੍ਰਚਾਰ ਦੇ ਮੁੱਖ ਮੁੱਦੇ ਬਣੇ ਹੋਏ ਹਨ।
 
