
ਇਹ ਮੈਚ ਨਿਊਜ਼ੀਲੈਂਡ ਵਿੱਚ ਦੁਵੱਲੀ ਕ੍ਰਿਕਟ ਲੜੀ ਦੌਰਾਨ ਦਰਸ਼ਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਸਕਦਾ ਹੈ। ਇਸ ਸਮੇਂ ਇਹ ਰਿਕਾਰਡ 36,523 ਦਰਸ਼ਕਾਂ ਦਾ ਹੈ, ਜੋ 2019 ਵਿੱਚ ਈਡਨ ਪਾਰਕ ਵਿਖੇ ਨਿਊਜ਼ੀਲੈਂਡ ਦੀਆਂ BLACKCAPS ਅਤੇ WHITE FERNS ਟੀਮਾਂ ਦੇ ਭਾਰਤ ਵਿਰੁੱਧ ਸਾਂਝੇ ਮੈਚ ਦੌਰਾਨ ਬਣਿਆ ਸੀ।
30 ਅਕਤੂਬਰ ਨੂੰ ਹੋਣ ਵਾਲਾ ਇਹ ਮੁਕਾਬਲਾ ਈਡਨ ਪਾਰਕ ਵਿੱਚ 40 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਹਾਜ਼ਰੀ ਵਾਲਾ ਸਿਰਫ਼ ਤੀਜਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੋਵੇਗਾ। ਇਸ ਤੋਂ ਪਹਿਲਾਂ 1982 ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਮੈਚ ਦੇਖਣ ਲਈ ਲਗਭਗ 42 ਹਜ਼ਾਰ ਦਰਸ਼ਕ ਪਹੁੰਚੇ ਸਨ। ਇਸੇ ਤਰ੍ਹਾਂ 2015 ਦੇ ਕ੍ਰਿਕਟ ਵਿਸ਼ਵ ਕੱਪ ਦੇ ਦੱਖਣੀ ਅਫਰੀਕਾ ਵਿਰੁੱਧ ਸੈਮੀਫਾਈਨਲ ਵਿੱਚ ਕਰੀਬ 41 ਹਜ਼ਾਰ ਪ੍ਰਸ਼ੰਸਕਾਂ ਨੇ ਗ੍ਰਾਂਟ ਇਲਿਅਟ ਦਾ ਉਹ ਯਾਦਗਾਰ ਛੱਕਾ ਦੇਖਿਆ ਸੀ, ਜਿਸ ਨੇ ਨਿਊਜ਼ੀਲੈਂਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਾਇਆ ਸੀ।
ਭਾਰਤ ਦੇ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਦੌਰੇ ਲਈ ਹੁਣ ਤੱਕ 1 ਲੱਖ 26 ਹਜ਼ਾਰ ਤੋਂ ਵੱਧ ਟਿਕਟ ਵਿਕ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ 71 ਹਜ਼ਾਰ ਟਿਕਟ ਸਿਰਫ਼ ਪੰਜ ਮੈਚਾਂ ਦੀ T20 ਲੜੀ ਲਈ ਵਿਕੇ ਹਨ।
ਈਡਨ ਪਾਰਕ ਦਾ ਮੈਚ ਇਸ T20 ਲੜੀ ਦਾ ਚੌਥਾ ਮੈਚ ਹੋਵੇਗਾ ਜਿਸ ਦੇ ਸਾਰੇ ਟਿਕਟ ਵਿਕ ਚੁੱਕੇ ਹਨ। ਇਸ ਤੋਂ ਪਹਿਲਾਂ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿੱਚ ਹੋਏ ਦੋਵੇਂ ਮੈਚਾਂ ਅਤੇ ਹੈਮਿਲਟਨ ਦੇ ਸੈਡਨ ਪਾਰਕ ਵਿੱਚ ਹੋਣ ਵਾਲੇ ਪੰਜਵੇਂ ਤੇ ਆਖ਼ਰੀ ਮੈਚ ਲਈ ਵੀ ਟਿਕਟ ਪੂਰੀ ਤਰ੍ਹਾਂ ਵਿਕ ਚੁੱਕੇ ਹਨ।
ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਮਾਰਕੀਟਿੰਗ ਅਤੇ ਵਪਾਰਕ ਅਧਿਕਾਰੀ ਗਲੈਨ ਕ੍ਰਿਚਲੀ ਨੇ ਕਿਹਾ ਕਿ ਪ੍ਰਸ਼ੰਸਕਾਂ ਵੱਲੋਂ ਮਿਲਿਆ ਹੁੰਗਾਰਾ ਉਮੀਦਾਂ ਤੋਂ ਵੀ ਵੱਧ ਰਿਹਾ ਹੈ। ਉਨ੍ਹਾਂ ਮੁਤਾਬਕ, ਖਚਾਖਚ ਭਰਿਆ ਈਡਨ ਪਾਰਕ ਅਤੇ ਵਿਸ਼ਵ ਕ੍ਰਿਕਟ ਦੇ ਵੱਡੇ ਖਿਡਾਰੀਆਂ ਦੀ ਮੌਜੂਦਗੀ ਨਿਊਜ਼ੀਲੈਂਡ ਦੇ ਘਰੇਲੂ ਕ੍ਰਿਕਟ ਸੀਜ਼ਨ ਦੀਆਂ ਯਾਦਗਾਰ ਰਾਤਾਂ ਵਿੱਚੋਂ ਇੱਕ ਬਣ ਸਕਦੀ ਹੈ।
ਭਾਰਤ ਦਾ ਇਹ ਦੌਰਾ ਨਿਊਜ਼ੀਲੈਂਡ ਕ੍ਰਿਕਟ ਦੇ ਇਤਿਹਾਸ ਦਾ ਮੈਚਾਂ ਦੀ ਗਿਣਤੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਦੌਰਾ ਹੈ। ਇਸ ਦੌਰਾਨ ਪੰਜ ਖੇਤਰਾਂ ਵਿੱਚ T20, ਵਨਡੇ ਅਤੇ ਟੈਸਟ ਸਮੇਤ ਕੁੱਲ 12 ਮੈਚ ਖੇਡੇ ਜਾਣੇ ਹਨ।
ਸ਼ੁੱਕਰਵਾਰ ਰਾਤ ਦਾ ਮੈਚ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ। ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਆਮਦ ਨਾਲ ਈਡਨ ਪਾਰਕ ਵਿੱਚ ਇੱਕ ਹੋਰ ਇਤਿਹਾਸਕ ਕ੍ਰਿਕਟ ਰਾਤ ਬਣਨ ਦੀ ਉਮੀਦ ਹੈ।
