New Zealand ’ਚ ਪੰਜਾਬੀ ਨੌਜਵਾਨ ਤੋਂ ਹਫ਼ਤੇ ਦੇ 70 ਘੰਟੇ ਕੰਮ ਕਰਵਾਇਆ, ਤਨਖ਼ਾਹ ਵੀ ਦੱਬੀ!

2  ਸਾਲਾਂ ਤੋਂ ਵੱਧ ਕੰਮ ਕਰਕੇ ਮਿਲੇ ਸਿਰਫ਼ $40 ਹਜ਼ਾਰ, ਤਨਖ਼ਾਹ ਮੰਗਣ ’ਤੇ ਕੰਮ ਤੋਂ ਹਟਾਇਆ; Employment Relations Authority ਦਾ ਵੱਡਾ ਫ਼ੈਸਲਾ

ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ ਇੱਕ ਪੰਜਾਬੀ ਨੌਜਵਾਨ ਤੋਂ ਹਫ਼ਤੇ ਦੇ 70 ਘੰਟਿਆਂ ਤੋਂ ਵੱਧ ਕੰਮ ਕਰਵਾਉਣ, ਪੂਰੀ ਤਨਖ਼ਾਹ ਨਾ ਦੇਣ ਅਤੇ ਬਿਨਾਂ ਵਾਜਬ ਕਾਰਨ ਨੌਕਰੀ ਤੋਂ ਹਟਾਉਣ ਦੇ ਮਾਮਲੇ ਵਿੱਚ Employment Relations Authority (ERA) ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਥਾਰਟੀ ਨੇ ਆਕਲੈਂਡ ਦੀ ਇੱਕ ਰੈਸਟੋਰੈਂਟ ਕੰਪਨੀ ਅਤੇ ਉਸ ਦੇ ਡਾਇਰੈਕਟਰ ਨੂੰ ਕੁੱਲ **$242,437.80** ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਸ ਰਕਮ ਵਿੱਚ ਕਰਮਚਾਰੀ ਨੂੰ ਮਿਲਣ ਵਾਲੇ ਪੈਸਿਆਂ ਦੇ ਨਾਲ ਸਰਕਾਰ ਨੂੰ ਅਦਾ ਕੀਤੇ ਜਾਣ ਵਾਲੇ ਜੁਰਮਾਨੇ ਵੀ ਸ਼ਾਮਲ ਹਨ।

12 ਅਕਤੂਬਰ 2026 ਨੂੰ ਜਾਰੀ ਫ਼ੈਸਲੇ ਅਨੁਸਾਰ ਅੰਮ੍ਰਿਤ ਪਾਲ ਸਿੰਘ 2 ਸਤੰਬਰ 2023 ਨੂੰ ਨਿਊਜ਼ੀਲੈਂਡ ਆਇਆ ਸੀ ਅਤੇ 25 ਸਤੰਬਰ ਤੋਂ BlueMoonSkyNZZ Limited ਕੰਪਨੀ ਅਧੀਨ Titirangi Indian Kitchen ਵਿੱਚ ਕੁੱਕ ਵਜੋਂ ਕੰਮ ਕਰਨ ਲੱਗਾ। ਇਹ ਕੰਪਨੀ Beachlands ਵਿੱਚ Ambrosia Bar and Restaurant ਵੀ ਚਲਾਉਂਦੀ ਹੈ। ਕੰਪਨੀ ਦਾ ਇਕਲੌਤਾ ਡਾਇਰੈਕਟਰ ਦਿਲ ਬਰਾਲਾ ਹੈ।

ਅੰਮ੍ਰਿਤ ਪਾਲ ਸਿੰਘ ਨੇ ਅਥਾਰਟੀ ਨੂੰ ਦੱਸਿਆ ਕਿ ਸ਼ੁਰੂਆਤੀ ਮਹੀਨਿਆਂ ਵਿੱਚ ਉਸ ਤੋਂ ਹਫ਼ਤੇ ਦੇ ਸੱਤੇ ਦਿਨ ਦੁਪਹਿਰ 12:30 ਵਜੇ ਤੋਂ ਰਾਤ 11 ਵਜੇ ਤੱਕ ਕੰਮ ਕਰਵਾਇਆ ਜਾਂਦਾ ਸੀ। ਉਸ ਮੁਤਾਬਕ ਉਹ ਹਫ਼ਤੇ ਵਿੱਚ ਕਰੀਬ 72.5 ਘੰਟੇ ਕੰਮ ਕਰਦਾ ਰਿਹਾ, ਪਰ ਕਈ ਵਾਰ ਉਸ ਨੂੰ ਸਿਰਫ਼ 35 ਘੰਟਿਆਂ ਜਾਂ ਇਸ ਤੋਂ ਵੀ ਘੱਟ ਕੰਮ ਦੀ ਤਨਖ਼ਾਹ ਦਿੱਤੀ ਗਈ।

ਉਸ ਦੇ Employment Agreement ਦੇ ਪ੍ਰਸਤਾਵਿਤ ਦਸਤਾਵੇਜ਼ ਵਿੱਚ ਤਨਖ਼ਾਹ **$28 ਪ੍ਰਤੀ ਘੰਟਾ** ਅਤੇ ਹਫ਼ਤੇ ਦੇ 35 ਤੋਂ 50 ਘੰਟੇ ਕੰਮ ਦਰਜ ਸੀ।

ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਦੋ ਸਾਲਾਂ ਤੋਂ ਵੱਧ ਸਮੇਂ ਦੌਰਾਨ ਕੰਪਨੀ ਨੇ ਉਸ ਨੂੰ ਸਿਰਫ਼ **$40,442.20** ਅਦਾ ਕੀਤੇ, ਜਦਕਿ ਅਥਾਰਟੀ ਦੇ ਹਿਸਾਬ ਮੁਤਾਬਕ ਉਸ ਦੀ ਬਣਦੀ ਗ੍ਰੌਸ ਤਨਖ਼ਾਹ $229,390 ਸੀ। ਇਸ ਲਈ ਕੰਪਨੀ ਨੂੰ $188,947.80 ਬਕਾਇਆ ਤਨਖ਼ਾਹ ਦੇਣ ਦੇ ਹੁਕਮ ਦਿੱਤੇ ਗਏ।

ਮਈ 2025 ਵਿੱਚ ਪੰਜਾਬ ਜਾਣ ਤੋਂ ਬਾਅਦ ਜਦੋਂ ਅੰਮ੍ਰਿਤ ਪਾਲ ਜੁਲਾਈ ਵਿੱਚ ਵਾਪਸ ਆਇਆ ਤਾਂ ਉਸ ਨੂੰ Beachlands ਦੇ ਰੈਸਟੋਰੈਂਟ ਵਿੱਚ ਭੇਜ ਦਿੱਤਾ ਗਿਆ। ਉਸ ਮੁਤਾਬਕ ਉਸ ਨੂੰ ਸਵੇਰੇ 8:15 ਵਜੇ ਘਰੋਂ ਲਿਜਾਇਆ ਜਾਂਦਾ ਅਤੇ ਰਾਤ ਕਰੀਬ 12 ਵਜੇ ਵਾਪਸ ਛੱਡਿਆ ਜਾਂਦਾ ਸੀ।

ਨਵੰਬਰ 2025 ਵਿੱਚ ਜਦੋਂ ਉਸ ਨੇ ਲੰਬੇ ਕੰਮ ਦੇ ਘੰਟਿਆਂ, ਬਰੇਕਾਂ ਅਤੇ ਬਕਾਇਆ ਤਨਖ਼ਾਹ ਬਾਰੇ ਆਵਾਜ਼ ਉਠਾਈ ਤਾਂ ਕੰਪਨੀ ਨੇ ਅਚਾਨਕ ਉਸ ਨਾਲ ਸੰਪਰਕ ਬੰਦ ਕਰ ਦਿੱਤਾ। ਉਸ ਨੂੰ ਕੰਮ ’ਤੇ ਲਿਜਾਣਾ ਵੀ ਬੰਦ ਕਰ ਦਿੱਤਾ ਗਿਆ। ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ।

ਅਥਾਰਟੀ ਨੇ ਇਸ ਨੂੰ ਗੈਰਵਾਜਬ ਢੰਗ ਨਾਲ ਨੌਕਰੀ ਤੋਂ ਕੱਢਣਾ ਕਰਾਰ ਦਿੱਤਾ।

**ਫ਼ੈਸਲੇ ਤਹਿਤ ਕੰਪਨੀ ਨੂੰ $188,947.80 ਬਕਾਇਆ ਤਨਖ਼ਾਹ, $17,250 ਪਬਲਿਕ ਹਾਲੀਡੇ, $16,240 ਸਾਲਾਨਾ ਛੁੱਟੀਆਂ, $9,000 ਮਾਨਸਿਕ ਪ੍ਰੇਸ਼ਾਨੀ ਦੇ ਮੁਆਵਜ਼ੇ ਅਤੇ $6,000 ਜੁਰਮਾਨਿਆਂ ਵਜੋਂ ਕਰਮਚਾਰੀ ਨੂੰ ਦੇਣੇ ਪੈਣਗੇ।**

ਇਸ ਤੋਂ ਇਲਾਵਾ ਡਾਇਰੈਕਟਰ ਦਿਲ ਬਰਾਲਾ ਨੂੰ ਨਿੱਜੀ ਤੌਰ ’ਤੇ $4,000 ਦਾ ਜੁਰਮਾਨਾ ਲਗਾਇਆ ਗਿਆ, ਜਿਸ ਵਿੱਚੋਂ $2,000 ਕਰਮਚਾਰੀ ਅਤੇ $2,000 ਸਰਕਾਰ ਨੂੰ ਮਿਲਣਗੇ। ਕੰਪਨੀ ਨੂੰ ਵੀ $1,000 ਸਰਕਾਰ ਨੂੰ ਦੇਣਾ ਹੋਵੇਗਾ।

ਅਥਾਰਟੀ ਨੇ ਸਾਰੀਆਂ ਨਿਰਧਾਰਤ ਰਕਮਾਂ 28 ਦਿਨਾਂ ਅੰਦਰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਬਕਾਇਆ ਤਨਖ਼ਾਹ ਅਤੇ ਛੁੱਟੀਆਂ ਦੀ ਰਕਮ ’ਤੇ ਵਿਆਜ ਵੀ ਦੇਣਾ ਹੋਵੇਗਾ।

Leave a Comment

Your email address will not be published. Required fields are marked *

error: Content is protected !!
Scroll to Top