
ਉਸ ਸਮੇਂ ਦੁਨੀਆ ਭਰ ਵਿੱਚ ਜ਼ੁਲਮ, ਅਨਿਆਂ ਅਤੇ ਜਾਤ-ਪਾਤ ਦਾ ਬੋਲਬਾਲਾ ਸੀ। ਮੁਗਲ ਹਕੂਮਤ ਦੇ ਅੱਤਿਆਚਾਰਾਂ ਨੇ ਆਮ ਜਨਤਾ ਦਾ ਜੀਉਣਾ ਦੁਭਰ ਕੀਤਾ ਹੋਇਆ ਸੀ.. ਗੁਰੂ ਜੀ ਇੱਕ ਅਜਿਹੀ ਕੌਮ ਸਿਰਜਣਾ ਚਾਹੁੰਦੇ ਸਨ ਜੋ ਨਾ ਸਿਰਫ਼ ਪਰਮਾਤਮਾ ਦੀ ਭਗਤੀ ਕਰੇ, ਸਗੋਂ ਜ਼ੁਲਮ ਦੇ ਖਿਲਾਫ ਹਥਿਆਰ ਚੁੱਕਣ ਦਾ ਹੌਸਲਾ ਵੀ ਰੱਖੇ।
ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਭਾਰੀ ਇਕੱਠ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ 5 ਸਿਰਾਂ ਦੀ ਮੰਗ ਕੀਤੀ। ਇੱਕ-ਇੱਕ ਕਰਕੇ 5 ਦਲੇਰ ਸਿੱਖ ਉੱਠੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ । ਇਹ ਪੰਜੇ ਪਿਆਰੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਸਨ।
ਗੁਰੂ ਜੀ ਨੇ ਉਨ੍ਹਾਂ ਨੂੰ ‘ਖੰਡੇ ਦੀ ਪਾਹੁਲ’ ਛਕਾ ਕੇ ‘ਪੰਜ ਪਿਆਰੇ’ ਸਾਜਿਆ। ਇਸ ਤੋਂ ਬਾਅਦ ਗੁਰੂ ਜੀ ਨੇ ਆਪ ਉਨ੍ਹਾਂ ਪੰਜਾਂ ਤੋਂ ਅੰਮ੍ਰਿਤ ਛਕਿਆ, ਜਿਸ ਨਾਲ ਆਪੇ ਗੁਰ ਚੇਲਾ’ ਦਾ ਅਦੁੱਤੀ ਸਿਧਾਂਤ ਪੈਦਾ ਹੋਇਆ। ਗੁਰੂ ਜੀ ਨੇ ਖ਼ਾਲਸੇ ਨੂੰ ਇੱਕ ਵਿਲੱਖਣ ਪਛਾਣ ਦਿੱਤੀ ਅਤੇ ਖਾਲਸੇ ਨੂੰ ਪੰਜ ਕਕਾਰਾਂ ਦੀ ਰਹਿਤ ਬਖ਼ਸ਼ੀ। ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ।
ਗੁਰੂ ਜੀ ਨੇ ਸਿੱਖਾਂ ਨੂੰ ਨਵੀਂ ਪਛਾਣ ਦਿੱਤੀ—ਮਰਦਾਂ ਦੇ ਨਾਮ ਨਾਲ ‘ਸਿੰਘ’ ਅਤੇ ਬੀਬੀਆਂ ਦੇ ਨਾਮ ਨਾਲ ‘ਕੌਰ’ ਲਗਾਉਣ ਦਾ ਖਿਤਾਬ ਦੇ ਕੇ ਸਮਾਜ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦਾ ਮੁੱਢ ਬੰਨ੍ਹਿਆ।
ਖਾਲਸਾ ਸਾਜਣਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਕਿ ਅਸੀਂ ਸੱਚ ਅਤੇ ਹੱਕ ਦੀ ਲੜਾਈ ਲੜਨੀ ਹੈ। ਇਹ ਦਿਨ ਗੁਰੂ ਸਾਹਿਬ ਵੱਲੋਂ ਦੱਸੇ ਗਏ ਮਾਰਗ ‘ਤੇ ਚੱਲਣ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਪ੍ਰਣ ਲੈਣ ਦਾ ਦਿਨ ਹੈ ।
